ਸ਼ਬਦ ਅਰਥ ਦੇ ਬਦਲਦੇ ਸੰਦਰਭ ਅਤੇ ਗੁਰਪ੍ਰੀਤ ਦੀ ਕਵਿਤਾ


ਗੁਰਪ੍ਰੀਤ ਉਹਨਾਂ ਕਵੀ ਕਲਾਕਾਰਾਂ ਚੋਂ ਹੈ ਜਿਹਨਾਂ ਦਾ ਨਾਂ ਪੰਜਾਬੀ ਕਵਿਤਾ ਵਿੱਚ ਉੱਭਰ ਰਿਹਾ ਹੈ ਅਤੇ ਉਹ ਕਵਿਤਾ ਵਿੱਚ ਸ਼ਬਦ-ਅਰਥ ਦੇ ਬਦਲਦੇ ਸੰਦਰਭਾਂ ਵਲੋਂ ਬਹੁਤ ਚੇਤੰਨ ਹੈ। 

ਸ਼ਬਦ-ਅਰਥ ਦਾ ਸੰਦਰਭ ਕਿਸੇ ਵੀ ਭਾਸ਼ਾ ਵਿੱਚ ਅਚਾਨਕ ਹੀ ਨਹੀਂ ਬਦਲ ਜਾਂਦਾ ਸਗੋਂ ਇਸਦਾ ਪੂਰਾ ਪਿਛੋਕੜ ਹੈ। ਜਦੋਂ ਗਿਆਨ ਵਿਚਾਰਧਾਰਾ ਅਤੇ ਯਥਾਰਥ ਵਿੱਚ ਕੋਈ ਮਹੱਤਵ ਯੋਗ ਤਬਦੀਲੀਆਂ ਵਾਪਰਨ ਲਗਦੀਆਂ ਹਨ ਤਾਂ ਉਦੋਂ ਕਵਿਤਾ ਵਿੱਚ ਸ਼ਬਦ-ਅਰਥ ਦਾ ਸੰਦਰਭ ਵੀ ਬਦਲ ਜਾਂਦਾ ਹੈ। ਇਹ ਇਤਿਹਾਸ ਦੇ ਕਈ ਮੋੜਾਂ ਤੇ ਹੋਇਆ ਹੈ ਅਤੇ ਕਵਿਤਾ ਆਪਣੇ ਰੂਪਾਕਾਰ ਨਾਲ ਪ੍ਰਤੀਬੱਧ ਹੋਕੇ ਇਸਦੀ ਪਹਿਚਾਣ ਕਰਦੀ ਰਹੀ ਹੈ। ਸਮਕਾਲੀ ਕਵਿਤਾ ਵਿੱਚ ਇਹ ਪਹਿਚਾਣ ਹੋਰ ਵੀ ਜਾਰੀ ਹੈ ਕਿਉਂਕਿ ਕਵਿਤਾ ਕੇਵਲ ਸ਼ਬਦਾਂ ਦੀ ਖੇਡ ਨਹੀਂ ਸਗੋਂ ਇਸ ਦਾ ਰੂਪ-ਪਰਿਧਾਨ ਡੂੰਘੀ ਤਰਾਂ ਇਸਦੇ ਅਵਚੇਤਨ-ਚੇਤਨ ਨਾਲ ਸੰਬੰਧਤ ਹੈ। ਇਹ ਨਹੀਂ ਕਿ ਇਸ ਪਹਿਚਾਣ ਤੋਂ ਬਿਨਾਂ ਕਵਿਤਾ ਲਿਖੀ ਨਹੀਂ ਜਾ ਸਕਦੀ।

 ਸਮਕਾਲੀ ਕਵਿਤਾ ਵਿੱਚ ਬਹੁਤ ਸਾਰੇ ਕਵੀ ਅਜਿਹੀ ਕਵਿਤਾ ਵੀ ਲਿਖ ਰਹੇ ਹਨ ਪਰ ਜਿਸ ਕਵੀ ਕੋਲ ਅਜਿਹੀ ਪਹਿਚਾਣ ਹੁੰਦੀ ਹੈ ਉਸਦੀ ਕਵਿਤਾ ਵਿੱਚ ਚਰਚਾ ਵਿੱਚ ਆਉਣ ਦੀ ਵੱਧ ਸਮਰੱਥਾ ਹੁੰਦੀ ਹੈ। ਅਜਿਹੀ ਸਮਰੱਥਾ ਨਾਲ ਜੋ ਕਵੀ ਜਾਣੂ ਹੋਏ, ਉਹਨਾਂ ਵਿੱਚ ਸ਼ਬਦ-ਅਰਥ ਵਿੱਚ ਵਾਪਰ ਰਹੇ ਪਰਿਵਰਤਨ ਦਾ ਚਰਚਾ ਵੀ ਵਾਰ ਵਾਰ ਆਉਂਦਾ ਹੈ। ਇਸ ਲਈ ਇਕੋ ਸਮੇਂ ਉਹਨਾਂ ਦੀ ਕਵਿਤਾ ਪਿਛੋਕੜ ਤੇ ਪਏ ਉਸ ਗਿਆਨ/ ਵਿਚਾਰਧਾਰਾ ਵੱਲ ਵੀ ਸੰਕੇਤ ਕਰਦੀ ਹੈ ਅਤੇ ਕਵਿਤਾ ਦੀ ਸਿਰਜਣਾ ਵੀ ਕਰਦੀ ਹੈ। ਇਸ ਗੱਲ ਨੂੰ ਜ਼ਰੂਰੀ ਹੈ ਕਿ ਕਵਿਤਾ ਦੇ ਅਲੋਚਕ ਵੀ ਸਮਝਣ। ਕਵਿਤਾ ਦੇ ਸਾਰੇ ਅਲੋਚਕਾਂ ਨੇ ਅਜੇ ਇਸ ਦੀ ਪਹਿਚਾਣ ਨਹੀਂ ਕੀਤੀ ਸਗੋਂ ਕਈ ਕਵੀਆਂ ਦੀ ਕਵਿਤਾ ਵਿੱਚ ਅਜਿਹੀ ਪਹਿਚਾਣ ਵੱਧ ਹੈ।

ਇਹੀ ਕਾਰਨ ਹੈ ਕਿ ਗੁਰਪ੍ਰੀਤ ਆਪਣੀ ਕਵਿਤਾ ਦੀ ਹੋਂਦ ਅਤੇ ਸ਼ਬਦ ਅਰਥਾਂ ਦੇ ਸੰਦਰਭਾਂ ਬਾਰੇ ਵਾਰ ਵਾਰ ਗੱਲ ਛੇੜਦਾ ਹੈ ਅਤੇ ਉਹ ਜੋ ਬਾਕੀ ਕਵਿਤਾਵਾਂ ਲਿਖਦਾ ਹੈ ਇਸ ਚੇਤਨਾ ਨੂੰ ਧਾਰਨ ਕਰਨ ਦੇ ਅਗਲੇ ਬਿੰਦੂ ਤੇ ਲਿਖਦਾ ਹੈ। ਉਸਦੀ ਕਵਿਤਾ ਬਾਰੇ ਚਰਚਾ ਕਰਦਿਆਂ ਉਸਦੀ ਕਵਿਤਾ "ਜਸ਼ਨ ਲਈ ਸੱਦਾ" ਤੋਂ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:


ਕਦੇ ਮੈਂ ਤੁਰਦਾ 

ਕਵਿਤਾ ਅੰਦਰ 

ਕਦੇ ਕਵਿਤਾ ਤੁਰਦੀ 

ਮੇਰੇ ਅੰਦਰ


ਉਹ ਮੈਨੂੰ 

ਉਦਾਸ ਹੋਏ ਨੂੰ 

ਜਸ਼ਨ ਲਈ ਸੱਦਾ ਦਿੰਦੀ 

ਹੱਸਦਾ ਹੱਸਦਾ 

ਧੁਰ ਅੰਦਰ ਤੀਕ ਲਹਿ ਜਾਂਦਾ ਉਹਦੇ


ਉਹ ਮੈਨੂੰ ਭੀੜ 'ਚ ਗੁਆਚੇ ਹੋਏ ਨੂੰ 

ਲੱਭ ਲੈਂਦੀ ਕਿਤੋਂ ਵੀ 

ਚੁੱਪ-ਵਾਦੀਆਂ 'ਚ ਲੈ ਜਾਂਦੀ 

ਮੈਨੂੰ ਫੁੱਲ ਆਖਦੀ 

ਆਪ ਮਹਿਕ ਹੋ ਜਾਂਦੀ


ਉਹ ਮੇਰੇ ਲਈ 

ਛੱਡ ਜਾਂਦੀ ਕਿੰਨਾ ਕੁੱਝ 

ਅਣਕਿਹਾ


ਮੈਂ ਉਹਦੇ ਹੋਠਾਂ ਤੋਂ ਕਿਰਦੇ 

ਇਕ ਇਕ ਸ਼ਬਦ ਦੇ ਅਰਥ 

ਆਪਣੇ ਹਿਰਦੇ ਦੇ ਕੋਸ਼ 'ਚੋਂ ਪੜ੍ਹਦਾ 

ਸਾਰੇ ਪਾਸਾਰ ਚ ਫੈਲ ਜਾਂਦਾ 

ਉਹ ਧੜਕਦੀ ਕਣ ਕਣ ਅੰਦਰ


ਕਵੀ ਕਵਿਤਾ ਦੇ ਅਵਚੇਤਨ-ਚੇਤਨ ਦੀ ਪਹਿਚਾਣ ਤੋਂ ਹੀ ਗੱਲ ਸ਼ੁਰੂ ਕਰ ਰਿਹਾ ਹੈ। ਉਹ ਕਵਿਤਾ ਨਾਲ ਇੱਕ ਸਜੱਗ ਰਿਸ਼ਤਾ ਉਸਾਰਦਾ ਹੈ। ਇਸ ਚਿਹਨਿਕ ਨਾਲ ਹੀ ਕਵਿਤਾ ਦੇ ਅੰਦਰ ਪ੍ਰਵੇਸ਼ ਕਰਦਾ ਹੈ। ਕਵਿਤਾ ਉਸਨੂੰ ਭੀੜ 'ਚ ਗੁਆਚੇ ਹੋਏ ਨੂੰ ਵੀ ਲੱਭ ਲੈਂਦੀ ਹੈ। ਜਿਹਨਾਂ ਚੁੱਪ ਦੀਆਂ ਵਾਦੀਆਂ ਵਿੱਚ ਲੈ ਕੇ ਜਾਂਦੀ ਹੈ ਇਹ ਚੁੱਪ ਵਾਦੀਆਂ ਉਸਦੀ ਕਵਿਤਾ ਵਿੱਚ ਇਕ ਮਹੱਤਵ ਯੋਗ ਚਿਹਨਿਕ ਬਣ ਜਾਂਦੀਆਂ ਹਨ। ਜਿਹਨਾਂ ਨਾਲ ਉਸਦੀ ਕਵਿਤਾ ਦੇ ਹੋਰ ਚਿਹਨਿਕ ਵੀ ਸੰਬੰਧਤ ਹਨ ਅਤੇ ਉਸਦੀ ਕਵਿਤਾ ਦੇ ਸਮੁੱਚੇ ਚਿਹਨੀਕਰਨ ਨੂੰ ਇਹਨਾਂ ਚਿਹਨਿਕਾਂ ਦੇ ਸੰਬੰਧ ਤੋਂ ਬਿਨਾਂ ਪੂਰੀ ਤਰਾਂ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਜਦੋਂ ਕਵਿਤਾ ਚੁੱਪ ਵਾਦੀਆਂ 'ਚ ਲਿਜਾਕੇ ਉਸਨੂੰ ਫੁੱਲ ਆਖਦੀ ਹੈ ਅਤੇ ਆਪ ਮਹਿਕ ਹੋ ਜਾਂਦੀ ਹੈ ਤਾਂ ਇਹ ਸ਼ਬਦ ਵੀ ਉਸਦੀ ਕਵਿਤਾ ਵਿੱਚ ਰਚੇ ਹੋਏ ਸੂਰਜ ਅਤੇ ਪ੍ਰਗੀਤਕਤਾ ਦੇ ਚੁੱਪ ਵਾਦੀਆਂ ਦੇ ਚਿਹਨਕ ਬਣ ਜਾਂਦੇ ਹਨ। ਚੁੱਪ ਦੇ ਜਿਹਨਾਂ ਅਰਥਾਂ ਵਿੱਚ ਇਹ ਤੁਰਦੇ ਹਨ ਉਹਨਾਂ ਨੂੰ ਨਿਸ਼ਚਤ ਰੂਪ ਵਿੱਚ ਪਰਿਭਾਸ਼ਤ ਕਰਨ ਦੀ ਲੋੜ ਨਹੀਂ ਰਹਿੰਦੀ। ਕਵਿਤਾ ਵਿੱਚ ਅਰਥ ਦੀ ਇਸ ਨਿਸ਼ਚਿਤਤਾ ਨੂੰ ਖਤਮ ਕਰਨਾ ਕਾਵਿ-ਯੋਗਤਾ ਹੈ। ਪਾਠਕ ਨੂੰ ਇੱਕ ਸੁਤੰਤਰ ਸਿਰਜਣਾ ਦਾ ਵਾਤਾਵਰਣ ਤੇ ਸੰਭਾਵਨਾ ਦੇਣੀ ਕਵਿਤਾ ਦਾ ਕੰਮ ਹੈ। ਇਉਂ ਕਵਿਤਾ ਪਾਠਕ ਤੇ ਵਿਸ਼ਵਾਸ ਕਰਦੀ ਹੈ। ਜੋ ਕਵਿਤਾ ਪਾਠਕ ਤੇ ਅਵਿਸ਼ਵਾਸ ਦੀ ਸਿਰਜਣਾ ਕਰਦੀ ਹੈ ਉਹ ਕਵਿਤਾ ਵਧੇਰੇ ਸਮਰੱਥਾ ਵਾਲੀ ਨਹੀਂ ਹੋ ਸਕਦੀ। ਸ਼ਬਦ ਅਰਥ ਦੇ ਜੋ ਸੰਦਰਭ ਬਦਲ ਰਹੇ ਹਨ ਉਹਨਾਂ ਵਿੱਚ ਇਹ ਕਾਵਿ-ਚੇਤਨਾ ਸ਼ਾਮਿਲ ਹੈ।

 ਗੁਰਪ੍ਰੀਤ ਆਪਣੀ ਕਵਿਤਾ ਵਿੱਚ ਇਸੇ ਦੀ ਪਹਿਚਾਣ ਕਰਦਾ ਹੈ। ਇਸ ਲਈ ਉਸਦੀ ਕਵਿਤਾ ਵਿੱਚ “ਚੁੱਪ ਵਾਦੀਆਂ” ਅਣਕਿਹਾ ਇਹ ਬਹੁਤ ਮਹੱਤਵ ਯੋਗ ਹੈ। ਇਸ ਦੀ ਚੇਤਨਾ ਚੋਂ ਹੀ ਉਹ ਸਾਰੇ ਪਾਸਾਰ ਵਿੱਚ ਫੈਲਦਾ ਹੈ। ਇਹ ਕਵਿਤਾ ਉਸਦੇ ਕਣ ਕਣ ਅੰਦਰ ਤੜਪਣ ਲਗਦੀ ਹੈ। ਇਸ ਚੇਤਨਾ 'ਚੋਂ ਹੀ ਸਿਰਜਕ ਆਪਣੇ ਆਪ ਤੋਂ ਅਸੰਖ ਬੁੱਤ ਘੜ ਸਕਦਾ ਹੈ। ਧਰਤੀ, ਬਿਰਖਾਂ, ਬੂਟਿਆਂ, ਪਹਾੜਾਂ, ਝਰਨਿਆਂ, ਮਾਰੂਥਲਾਂ, ਦਰਿਆਵਾਂ ਦੀ ਲਿਪੀ ਸਮਝ ਸਕਦਾ ਹੈ। ਕਲਾ ਅਤੇ ਪ੍ਰਕਿਰਤੀ ਨਾਲ ਰਿਸ਼ਤੇ ਦੀ ਗੱਲ ਉਸਦੀ ਕਵਿਤਾ ਵਿੱਚ ਇਸੇ ਚੇਤਨਾ ਚੋਂ ਪੈਦਾ ਹੁੰਦੀ ਹੈ


ਬੁੱਤ ਤਰਾਸ਼

ਚਿੱਤਰਕਾਰ

ਨਾਦ ਵੇਤਾ

ਸਿਰਜਕ ਉਹ 

ਆਪਣੇ ਆਪ ਚੋ ਘੜਦਾ 

ਅਸੰਖ ਬੁੱਤ


ਧਰਤੀ ਦੇ ਕਾਗਦੁ ਲਿਖਦਾ 

ਬਿਰਖਾਂ, ਬੂਟਿਆਂ, 

ਪਹਾੜਾਂ, ਝਰਨਿਆਂ, 

ਮਾਰੂਥਲਾਂ, ਦਰਿਆਵਾਂ

ਦੀ ਲਿਪੀ 'ਚ 

ਮਨ ਦੀ ਕਥਾ ਅਨੰਤ


ਅੰਬਰ ਦੀ ਕੈਨਵਸ ਚਿਤਰਦਾ 

ਚੰਨ ਸੂਰਜ ਦਾ ਆਲ੍ਹਣਾ 

ਪਰ ਤੋਲਦੇ 

ਤਾਰਿਆਂ ਦੇ ਹਜ਼ਾਰਾਂ ਪੰਛੀ 

ਮਨ ਵਿਚਲੀ ਚਮਕਣ ਨੂੰ ਪ੍ਰੇਮ ਕਰਦੇ


ਹਿਰਦੇ ਦਾ ਸੰਗੀਤ

ਹਵਾ ਦਾ ਵਗਣਾ

ਪਾਣੀ ਦਾ ਵਹਿਣਾ

ਧੁੱਪ ਦਾ ਵਿਛਣਾ


ਉਹ ਚੁੱਪ ਦੀਆਂ “ਵਾਦੀਆਂ” ਸਿਰਜਦਾ ਇਹਨਾਂ ਨੂੰ ਪਹਿਚਾਣਦਾ ਹੀ ਆਪਣੀ ਕਵਿਤਾ ਵਿੱਚ ਸ਼ਬਦਾਂ ਦੇ ਅੰਦਰ ਅਤੇ ਬਾਹਰ ਦੀ ਯਾਤਰਾ ਕਰਦਾ ਹੈ। ਕੇਵਲ ਯਾਤਰਾ ਹੀ ਨਹੀਂ ਸਗੋਂ ਸ਼ਬਦਾਂ ਦੀਆਂ ਉਹ ਵਿਸਤਰਿਤ ਸੰਭਾਵਨਾਵਾਂ ਆਪਣੀ ਕਵਿਤਾ ਵਿੱਚ ਇਸੇ ਲਈ ਸਾਕਾਰ ਕਰਦਾ ਹੈ:


ਸ਼ਬਦ ਹੀ ਕਰਦੇ

ਵਿਸਥਾਰ ਮੇਰਾ

ਸ਼ਬਦ ਹੀ ਸਾਂਭਦੇ ਮੈਨੂੰ

ਇੱਕ ਬਿੰਦੂ ਅੰਦਰ


ਸ਼ਬਦ ਮਿਟਣ ਖਾਤਰ

ਮੇਰੀਆਂ ਕਵਿਤਾਵਾਂ ਵਿੱਚ

ਸ਼ਾਮਿਲ ਹੋ ਜਾਂਦੇ।


ਹੋਰ ਕਈ ਕਵਿਤਾਵਾਂ ਵਿੱਚ ਸ਼ਬਦਾਂ ਦੀਆਂ ਇਹਨਾਂ ਸੰਭਾਵਨਾਵਾਂ ਨੂੰ ਪਹਿਚਾਨਣ ਦਾ ਯਤਨ ਹੈ। ਪਰ ਉਸਦੀ ਕਵਿਤਾ ਵਿੱਚ ਸ਼ਬਦ ਇਕਹਿਰੇ ਚਿਹਨ ਦੇ ਤੌਰ ਤੇ ਨਹੀਂ ਆਉਂਦੇ ਸਗੋਂ ਸ਼ਬਦ ਅਰਥ ਸੰਯੁਕਤ ਰੂਪ ਵਿੱਚ ਚਿਹਨਕ ਬਣਕੇ ਇੱਕ ਪ੍ਰਵਾਹ ਵਾਂਗ ਤੁਰਦੇ ਹਨ। ਜਦੋਂ ਉਸਦੀ ਕਵਿਤਾ ਵਿੱਚ ਇਹ ਪ੍ਰਵਾਹ ਗਤੀਸ਼ੀਲ ਹੁੰਦਾ ਹੈ ਉਦੋਂ ਹੀ ਉਸਦੀ ਕਵਿਤਾ ਵਿੱਚ ਪ੍ਰਕਿਰਤੀ ਦੇ ਉਹ ਬਿੰਬ ਵਿਸਤਰਿਤ ਹੋਣੇ ਸ਼ੁਰੂ ਹੁੰਦੇ ਹਨ। ਜੋ ਇਸ ਗਤੀ ਦੇ ਕਈ ਪਾਸਾਰਾਂ ਨੂੰ ਸਾਡੇ ਸਾਹਮਣੇ ਸਾਕਾਰ ਕਰਨ ਲਗਦੇ ਹਨ


ਨਦੀ

ਵਹਿ ਰਹੀ ਹੈ

ਸ਼ਬਦਾਂ ਦੇ

ਕਿਨਾਰਿਆਂ ਵਿਚਕਾਰ

ਅਰਥਾਂ ਦੇ

ਸਿਪੀਆਂ ਮੋਤੀ


ਧੁਰ ਹੇਠਾਂ

ਗਹਿਰੇ ਪਾਣੀ

ਸਾਂਭਦੀ

ਇਕ ਦਿਨ

ਸਮੁੰਦਰ ਹੋਵੇਗੀ

ਮੇਰੀ ਤੇਰੀ

ਇਹ ਪਗਲੀ ਨਦੀ


ਗੁਰਪ੍ਰੀਤ ਸ਼ਬਦਾਂ ਅਰਥਾਂ ਦੇ ਇਹਨਾਂ ਚਿਹਨਕਾਂ ਦੀ ਭਾਸ਼ਾ ਰਾਹੀਂ ਮੁਹੱਬਤ ਅਤੇ ਹੋਰ ਮਨੁੱਖੀ ਸੰਬੰਧਾਂ ਨੂੰ ਆਪਣੀ ਕਵਿਤਾ ਦੇ ਸਹਿਜ ਅਤੇ ਸਿਰਜਣ ਵਿੱਚ ਲਿਆਉਂਦਾ ਹੈ। ਸ਼ਬਦ ਲਿਪੀ ਸੰਬੰਧ ਇਕਮਿਕ ਹੋ ਜਾਂਦੇ ਹਨ। ਜਿਸ ਚੁੱਪ ਦਾ ਉਸਦੀ ਕਵਿਤਾ ਵਿੱਚ ਵਾਰ ਵਾਰ ਪ੍ਰਵੇਸ਼ ਹੁੰਦਾ ਹੈ। ਉਸ ਚੁੱਪ ਦੇ ਪੰਛੀ ਇਸ ਅਹਿਸਾਸ ਚੋਂ ਹੀ ਉਸਦੀ ਕਵਿਤਾ ਵਿੱਚ ਪ੍ਰਵਾਜ਼ ਪ੍ਰਾਪਤ ਕਰਦੇ ਹਨ:


ਅਸੰਖ ਸ਼ਬਦ

ਮੇਰੇ ਕੋਲ

ਤੇਰੇ ਕੋਲ

ਸਭ ਕੋਲ

ਤੇ ਅਣਗਿਣ ਲਿਪੀਆਂ 'ਚ

ਲਿਖਦੇ ਅਸੀਂ

ਮਨ 'ਚ ਜੋ ਵੀ ਆਉਂਦਾ

ਅੱਖਾਂ ਜੋ ਵੀ ਵੇਖਦੀਆਂ

ਕੰਨ ਜੋ ਵੀ ਸੁਣਦੇ


ਫਿਰ ਵੀ ਰਹਿ ਜਾਂਦਾ

ਬਹੁਤ ਕੁਝ

ਅਹਿਸਾਸਾਂ ਦੇ ਪਰਾਂ ਹੇਠ


ਤੇਰੇ

ਰੰਗਾਂ ਦੀ ਲਿਪੀ 

ਮੇਰੀ ਚੁੱਪ ਦੇ ਪੰਛੀਆਂ ਨੂੰ

ਪਰਵਾਜ਼ ਦਿੰਦੀ


ਅਸੀਂ ਇਸ ਚੁੱਪ ਵਾਦੀਆਂ ਨੂੰ ਪਹਿਚਾਣਦਿਆਂ, ਸ਼ਬਦ ਅਰਥ ਦੇ ਬਦਲਦੇ ਸੰਬੰਧਾਂ ਨੂੰ ਵੇਖਦਿਆਂ, ਉਸਦੀ ਕਵਿਤਾ ਦੇ ਅਵਚੇਤਨ-ਚੇਤਨ ਨੂੰ ਪਹਿਚਾਣ ਲਿਆ ਹੈ। ਇਸ ਪਹਿਚਾਣ ਵਿਚੋਂ ਹੀ ਸਵੇਰ ਉਦੈ ਹੁੰਦੀ ਹੈ ਅਤੇ ਚਿੜੀਆਂ ਦੇ ਚਹਿਚਾਹੁਣ ਤੋਂ ਰੋਜ਼ ਇਕ ਨਵਾਂ ਸੂਰਜ ਪੈਦਾ ਹੁੰਦਾ ਹੈ। ਇਕ ਚੁੱਪ ਵਾਦੀ ਦਾ ਬਿੰਬ ਅਜਿਹੀ ਕਵਿਤਾ ਦੇ ਪਿਛੋਕੜ ਵਿੱਚ ਪਿਆ ਹੁੰਦਾ ਹੈ। ਇਉਂ ਅਗਰ ਭੂਮੀ ਤੇ ਉਹ ਜਿਸ ਬਿੰਬ ਦੀ ਸਿਰਜਣਾ ਕਰਦਾ ਹੈ ਉਸਦੇ ਪਿਛੋਕੜ ਦੇ ਬਿੰਬ ਦੀ ਚੇਤਨਾ ਵੀ ਸਾਡੇ ਮਨ ਵਿੱਚ ਮੌਜੂਦ ਰਹਿੰਦੀ ਹੈ। ਕਵਿਤਾ ਸੰਜਮਤਾ ਉਦੋਂ ਹੀ ਪ੍ਰਾਪਤ ਕਰਦੀ ਹੈ ਜਦੋਂ ਇੱਕ ਚੁੱਪ ਵਾਦੀ ਕਵਿਤਾ ਦੇ ਐਨ ਨੇੜੇ ਪਈ ਹੁੰਦੀ ਹੈ


ਚਿੜੀਆਂ

ਆਪਣੇ ਚਹਿ ਚਹਾਉਣ ਚੋਂ

ਪੈਦਾ ਕਰਦੀਆਂ

ਰੋਜ਼ ਇੱਕ ਨਵਾਂ ਸੂਰਜ


ਗੁਰਪ੍ਰੀਤ ਨੇ ਇਹਨਾਂ ਬਿੰਬਾਂ ਅਤੇ ਸੰਬੰਧਾਂ ਤੋਂ ਬਿਨਾਂ ਇਸ ਪੁਸਤਕ ਵਿੱਚ ਦੇਵਨੀਤ ਤੇ ਹਰਨਾਮ ਦਾ ਕਾਵਿ-ਚਿੱਤਰ ਵੀ ਲਿਖਿਆ ਹੈ। ਇਹ ਸੰਖੇਪ ਕਾਵਿ- ਚਿੱਤਰ ਇਹਨਾਂ ਸ਼ਾਇਰਾਂ ਦੇ ਆਮ ਯਥਾਰਥ ਦੇ ਸਥੂਲ ਰੂਪ ਨੂੰ ਪੇਸ਼ ਨਹੀਂ ਕਰਦੇ। ਆਮ ਯਥਾਰਥ ਨੂੰ ਪੇਸ਼ ਕਰਨਾ ਤੱਥਾਂ ਨੂੰ ਪੇਸ਼ ਕਰਨਾ ਹੁੰਦਾ ਹੈ ਜੋ ਕਵਿਤਾ ਦਾ ਕੰਮ ਨਹੀਂ। ਕਾਵਿ-ਚਿੱਤਰ ਉਹਨਾਂ ਚਿਹਨਾਂ ਦੀ ਤਲਾਸ਼ ਕਰਦਾ ਹੈ ਜੋ ਵਿਅਕਤੀ ਦੀ ਚੁੱਪਵਾਦੀ ਨਾਲ ਸੰਬੰਧਤ ਹੁੰਦੇ ਹਨ। ਜਿਵੇਂ ਚਿੜੀਆਂ ਚਹਿ ਚਹਾਉਂਦੀਆਂ ਹਨ ਤੇ ਇੱਕ ਨਵਾਂ ਸੂਰਜ ਉਦੈ ਹੋ ਜਾਂਦਾ ਹੈ। ਕਾਵਿ-ਚਿੱਤਰ ਲਿਖਦਿਆਂ ਇਹ ਪਹਿਚਾਨਣਾ ਹੁੰਦਾ ਹੈ ਕਿ ਇਹ ਚਿੜੀਆਂ ਕਦੋਂ ਚਹਿ ਚਹਾਉਂਦੀਆਂ ਹਨ ਤੇ ਕਦੋਂ ਇਹ ਸੂਰਜ ਉਦੈ ਹੁੰਦੇ ਹਨ। ਕਿਸੇ ਵਿਅਕਤੀ ਬਾਰੇ ਲਿਖਦਿਆਂ ਇਹ ਸੂਰਜ ਵੀ ਨਿਸ਼ਚਿਤ ਰੂਪ ਵਿੱਚ ਪਰਿਭਾਸ਼ਤ ਨਹੀਂ ਕਰਨੇ ਹੁੰਦੇ ਤਾਂ ਹੀ ਸ਼ਬਦ ਅਰਥਾਂ ਕੋਲ ਅਨੇਕ ਸੰਭਾਵਨਾਵਾਂ ਹੋ ਸਕਦੀਆਂ ਹਨ।

ਇਸ ਚੇਤਨਾ ਵਾਲੇ ਸ਼ਾਇਰ ਦਾ ਸਮੁੱਚੇ ਪਾਠਕਾਂ ਵਲੋਂ ਸਵਾਗਤ ਕਰਨਾ ਬਣਦਾ ਹੈ।



ਡਾ. ਸੁਤਿੰਦਰ ਸਿੰਘ ਨੂਰ ਪ੍ਰੋਫੈਸਰ, 

ਪੰਜਾਬੀ ਵਿਭਾਗ 

ਦਿੱਲੀ ਯੂਨੀਵਰਸਿਟੀ

11-6-96











ਜਸ਼ਨ ਲਈ ਸੱਦਾ 


ਕਦੇ ਮੈਂ ਤੁਰਦਾ 

ਕਵਿਤਾ ਅੰਦਰ 

ਕਦੇ ਕਵਿਤਾ ਤੁਰਦੀ 

ਮੇਰੇ ਅੰਦਰ


ਉਹ ਮੈਨੂੰ 

ਉਦਾਸ ਹੋਏ ਨੂੰ 

ਜਸ਼ਨ ਲਈ ਸੱਦਾ ਦਿੰਦੀ 

ਹੱਸਦਾ ਹੱਸਦਾ 

ਧੁਰ ਅੰਦਰ ਤੀਕ ਲਹਿ ਜਾਂਦਾ ਉਹਦੇ


ਉਹ ਮੈਨੂੰ 

ਭੀੜ 'ਚ ਗੁਆਚੇ ਹੋਏ ਨੂੰ 

ਲੱਭ ਲੈਂਦੀ ਕਿਤੋਂ ਵੀ 

ਚੁੱਪ-ਵਾਦੀਆਂ 'ਚ ਲੈ ਜਾਂਦੀ 


ਮੈਨੂੰ ਫੁੱਲ ਆਖਦੀ 

ਆਪ ਮਹਿਕ ਹੋ ਜਾਂਦੀ


ਉਹ ਮੇਰੇ ਲਈ 

ਛੱਡ ਜਾਂਦੀ ਕਿੰਨਾ ਕੁੱਝ 

ਅਣਕਿਹਾ


ਮੈਂ ਉਹਦੇ 

ਹੋਠਾਂ ਤੋਂ ਕਿਰਦੇ 

ਇਕ ਇਕ ਸ਼ਬਦ ਦੇ ਅਰਥ 


ਆਪਣੇ ਹਿਰਦੇ-ਕੋਸ਼ 'ਚੋਂ ਪੜ੍ਹਦਾ 

ਸਾਰੇ ਪਾਸਾਰ  ਫੈਲ ਜਾਂਦਾ 

ਉਹ ਧੜਕਦੀ 

ਕਣ ਕਣ ਅੰਦਰ॥


ਨਵੇਂ ਸਿਰੇ ਤੋਂ


ਬੁਤ ਤਰਾਸ਼

ਚਿਤਰਕਾਰ

ਨਾਦਵੇਤਾ

ਸਿਰਜਕ ਉਹ

ਆਪਣੇ ਆਪ 'ਚੋਂ ਘੜਦਾ

ਅਸੰਖ ਬੁੱਤ


ਧਰਤੀ ਦੇ ਕਾਗਦੁ ਲਿਖਦਾ 

ਬਿਰਖਾਂ, ਬੂਟਿਆਂ,

ਪਹਾੜਾਂ, ਝਰਨਿਆਂ 

ਮਾਰੂਥਲ, ਦਰਿਆਵਾਂ ਦੀ ਲਿਪੀ 'ਚ 

ਮਨ ਦੀ ਕਥਾ ਅਨੰਤ


ਅੰਬਰ ਦੀ ਕੈਨਵਸ ਚਿਤਰਦਾ 

ਚੰਨ ਸੂਰਜ ਦਾ ਆਲ੍ਹਣਾ 

ਪਰ ਤੋਲਦੇ ਤਾਰਿਆਂ ਦੇ ਹਜ਼ਾਰਾਂ ਪੰਛੀ 

ਮਨ ਵਿਚਲੀ ਚਮਕਣ ਨੂੰ ਪ੍ਰੇਮ ਕਰਦੇ


ਹਿਰਦੇ ਦਾ ਸੰਗੀਤ

ਹਵਾ ਦਾ ਵਗਣਾ

ਪਾਣੀ ਦਾ ਵਹਿਣਾ

ਧੁੱਪ ਦਾ ਵਿਛਣਾ


ਇਕ ਪਲ ਲਗਦਾ

ਦੇ ਰਿਹਾ ਉਹ ਹਰ ਸ਼ੈਅ ਨੂੰ ਅੰਤਿਮ ਛੋਹ,


ਅਗਲੇ ਹੀ ਪਲ

ਸ਼ੁਰੂ ਕਰ ਰਿਹਾ ਹੁੰਦਾ ਸਭ ਕੁਝ 

ਨਵੇਂ ਸਿਰੇ ਤੋਂ॥


ਰਲ ਜਾਂਗਾ ਤੇਰੇ 'ਚ


ਮੈਂ ਤੇਰੀ ਗੁਰੂਤਾ ਖਿੱਚ ਅੰਦਰ 

ਬੁਹਤ ਉੱਚਾ-ਉੱਚਾ 

ਛੁਹ ਛੁਹ ਜਾਂਦੀਆਂ 

ਅੱਖਾਂ ਮੇਰੀਆਂ 

ਆਸਮਾਨ ਦਾ ਨੰਗਾਪਣ


ਗੋਦ ਤੇਰੀ 'ਚ 

ਤੇਰੇ ਬਿਰਖਾਂ ਬੂਟਿਆਂ 'ਤੇ ਹੁੰਦਾ ਮੈਂ 

     ਝੂਮਦੇ ਪੱਤੇ

             ਟਹਿਕਦੇ ਫੁੱਲ


ਕਿਰਾਂ ਮੁਰਝਾਵਾਂ 

ਰਲ ਜਾਂਗਾ ਤੇਰੇ 'ਚ 

ਜੜ੍ਹਾਂ ਨੇ ਮੇਰੀਆਂ 

ਪਿਆਸੀਆਂ॥


ਇਸੇ ਛਿਣ 'ਚ ਹੀ


ਤੇਰੇ ਮਿਲਣ ਨਾਲ 

ਧਰਤੀ ਦੇ ਘੁੰਮਣ ਵਾਂਗ 

ਸਹਿਜ ਮੈਂ 

ਰਾਤ ਦੇ ਉਤਰਨ ਵਰਗਾ 

ਪਾਣੀ ਦੇ ਪ੍ਰਵਾਹ ਜਿਹਾ


ਨਿਰਾਕਾਰ ਹੋਏ 

ਨਿਤ ਰੂਪ ਵਟਾਉਂਦੇ 

ਸਾਰੇ ਆਕਾਰ 

ਪਸਰਨ ਲੱਗੀ ਚੁੱਪ


ਲੋਚਦਾਂ 

ਇਸੇ ਛਿਣ 'ਚ ਹੀ 

ਲੰਘੇ ਉਮਰ ਮੇਰੀ॥


ਜੜ੍ਹਾਂ ਨੂੰ ਸਾਂਭਦੀ ਮਿੱਟੀ


ਤੂੰ ਮੇਰੇ 

ਨਾਲ ਨਾਲ 

ਪਲ ਪਲ 

ਛਿਣ ਛਿਣ 

ਜਿਉਂ ਫੁੱਲਾਂ ਨੂੰ 

ਜਿਉਂਦਾ ਰੱਖਦੀ ਮਹਿਕ 

ਜਿਉਂ ਪਾਣੀ ਦੀ ਸ਼ੀਤਲਤਾ 

ਜਿਉਂ ਜੜ੍ਹਾਂ ਨੂੰ ਸਾਂਭਦੀ ਮਿੱਟੀ


ਤੇਰੇ ਹੋਣ ਕਰਕੇ 

ਛੱਡ ਛਡਾ ਦਿੰਦਾ ਮੈਂ 

ਸਭ ਕੁਝ 

ਸਮਝਣਾ ਸਮਝਾਉਣਾ॥


ਕਾਇਨਾਤ ਦੇ ਸੱਤੇ ਰੰਗ


ਤੇਰੇ 'ਚ ਸਮਾਏ ਹੋਏ 

ਕਾਇਨਾਤ ਦੇ ਸੱਤੇ ਰੰਗ 

ਧਰਤ 'ਤੇ ਵਿਛਦੇ 

ਹਵਾ 'ਚ ਰੁਮਕਦੇ 

ਅੰਬਰੀਂ ਉਡਦੇ 

ਨਦੀਏ ਵਹਿੰਦੇ


ਤੇਰੇ ਕਰਕੇ ਹੀ 

ਦਿਨ ਰਾਤ 

ਆਪਣੇ ਕੱਪੜੇ ਅਦਲਦੇ-ਬਦਲਦੇ


ਅਨੇਕਾਂ ਤਸਵੀਰਾਂ ਨੂੰ ਸਾਂਭਦੇ 

ਇਹ ਸੱਤੇ ਰੰਗ 

ਤੇਰੇ 'ਚ ਮਿਟ ਜਾਂਦੇ 

ਤੇਰੇ 'ਚੋਂ ਉਦੈ ਹੁੰਦੇ॥



ਸ਼ਬਦਾਂ ਤੋਂ ਬਾਹਰ


ਜਾਣਿਆ

ਮੈਂ ਸ਼ਬਦਾਂ ਨੂੰ 

ਮੇਰੀ ਪਛਾਣ ਦੇ 

ਕਿੰਨੇ ਰੂਪ ਹੋਏ


ਲੁਕਵੀਆਂ ਥਾਵਾਂ 'ਤੇ 

ਲੁਕ ਛਿਪ ਗਿਆ 

ਬਹੁਤ ਕੁਝ ਮੇਰਾ, 

ਮੇਰੇ ਤੋਂ ਹੀ


ਸਾਫ਼ ਸਫ਼ਾਫ 

ਸਭ ਦੇ ਸਾਹਮਣੇ मैं

ਸ਼ਬਦਾਂ ਤੋਂ ਬਾਹਰ॥


ਮੇਰੇ ਚਿਹਰੇ ਦੀ ਜ਼ਰੂਰਤ


ਕਿੰਨਾ ਹੀ ਕੁਝ ਮੇਰੇ ਮਨ ਸੰਸਾਰ 'ਚ 

ਨਿਰਾਕਾਰ 

ਕਿੰਨੇ ਹੀ ਆਕਾਰਾਂ 'ਚ ਢਲਿਆ 


ਪਲ ਦੀ ਪਲ ਮੈਂ ਕੀ ਹੁੰਦਾ

ਪਲ ਦੀ ਪਲ ਕੀ ਹੋ ਜਾਂਦਾ


ਚੁੱਪ ਤੇ ਚੀਕ ਵਿਚਾਲੇ 

ਸ਼ਬਦ ਕਿੰਨੇ ਹੀ ਮਖੌਟੇ

ਮੇਰੇ ਚਿਹਰੇ ਦੀ ਜ਼ਰੂਰਤ ਮੁਤਾਬਿਕ


ਕਿੰਨਾ ਹੀ ਕੁਝ ਜੋੜਦਾ-ਤੋੜਦਾ 

ਤੁਰ ਰਿਹਾ ਹਾਂ ਮੈਂ॥


ਇਹ ਕੋਈ ਖੇਡ ਨਹੀਂ


ਉਹਦਾ ਨਾਂ 

ਕੁਝ ਵੀ ਹੋ ਸਕਦਾ ਹੈ 

ਧਰਤੀ, 

         ਰੁੱਖ, 

                ਦਰਿਆ 

ਅੰਬਰ, 

         ਚੰਨ 

                ਜਾਂ ਤਾਰੇ 


ਉਹਦੇ ਲਈ ਇਹ ਸਭ 

ਸਾਡੀ ਆਪਣੀ ਬਣਾਈ 

ਸ਼ਬਦਾਂ ਦੀ ਖੇਡ ਮਹਿਜ਼


ਕੀ ਹੋਣਾ ਹੈ ਉਹਨੇ 

ਕੀ ਹੈ 

ਤੇ ਕੀ ਨਹੀਂ ਹੈ 

ਕਿੰਨੇ ਹੀ ਸਵਾਲ ਕਰਦੀ 

ਉਹਦੀ ਮੈਂ


ਜਵਾਬ ਢੂੰਡਦਾ 

ਭਟਕਦਾ 

ਸ਼ਬਦਾਂ ਦੇ ਜੰਗਲੀ


ਮੇਰੀ ਮੈਂ 

         ਤੁਰਦੀ ਜਦੋਂ 

         ਆਪਣੇ ਵੱਲ

ਖਿੰਡ ਜਾਂਦਾ ਸਭ ਕੁਝ


ਇਹ ਕੋਈ ਖੇਡ ਨਹੀਂ 

ਇਹੋ ਹੈ ਸਾਰੀ ਖੇਡ॥


ਸਾਰੇ ਦਾ ਸਾਰਾ ਮੈਂ


ਭਰਮ ਟੁੱਟਣ 'ਤੇ 

ਸਾਂਭ ਸਾਂਭ ਜਾਵਾਂ 

ਪਹਿਲੇ ਪਹਿਲੇ ਛਿਣ


ਹੰਭਦੇ, ਹਾਰਦੇ

ਭੂਮਿਕਾਵਾਂ ਦੇ ਸ਼ਬਦ ਗੁਆਚਦੇ


ਚਾਹੁੰਦਾ

ਤੂੰ ਹੋਣਾ


ਰਹਿ ਜਾਂਦਾ

ਸਾਰੇ ਦਾ ਸਾਰਾ ਮੈਂ॥


ਅਰਥਾਂ ਦੇ ਸਿਪੀਆਂ ਮੋਤੀ


ਨਦੀ

         ਵਹਿ ਰਹੀ ਹੈ

ਸ਼ਬਦਾਂ ਦੇ

          ਕਿਨਾਰਿਆਂ ਵਿਚਕਾਰ


ਅਰਥਾਂ ਦੇ

           ਸਿਪੀਆਂ ਮੋਤੀ

ਧੁਰ ਹੇਠਾਂ

           ਗਹਿਰੇ ਪਾਣੀ

ਸਾਂਭਦੀ


ਇਕ ਦਿਨ

ਸਮੁੰਦਰ ਹੋਵੇਗੀ

ਮੇਰੀ ਤੇਰੀ

ਇਹ ਪਗਲੀ ਨਦੀ॥


ਤੇਰੇ ਰੰਗਾਂ ਦੀ ਲਿਪੀ


ਅਸੰਖ ਸ਼ਬਦ

           ਮੇਰੇ ਕੋਲ 

                 ਤੇਰੇ ਕੋਲ 

                       ਸਭ ਕੋਲ 


ਤੇ ਅਣਗਿਣ ਲਿਪੀਆਂ 'ਚ 

ਲਿਖਦੇ ਅਸੀਂ 

         ਮਨ 'ਚ ਜੋ ਵੀ ਆਉਂਦਾ 

         ਅੱਖਾਂ ਜੋ ਵੀ ਦੇਖਦੀਆਂ 

         ਕੰਨ ਜੋ ਵੀ ਸੁਣਦੇ


ਫਿਰ ਵੀ ਰਹਿ ਜਾਂਦਾ 

ਬਹੁਤ ਕੁਝ 

ਅਹਿਸਾਸਾਂ ਦੇ ਪਰਾਂ ਹੇਠ


ਤੇਰੇ

ਰੰਗਾਂ ਦੀ ਲਿਪੀ 

ਮੇਰੀ ਚੁੱਪ ਦੇ ਪੰਛੀਆਂ ਨੂੰ 

ਪਰਵਾਜ਼ ਦਿੰਦੀ॥


ਇਕ ਬਿੰਦੂ ਅੰਦਰ


ਸ਼ਬਦ ਮੇਰੀ ਦੇਹ 

ਸ਼ਬਦ ਮੇਰੇ ਬਸਤਰ 

ਪਹਿਨਦਾ ਮੈਂ 

              ਕਦੇ ਕੋਈ

              ਕਦੇ ਕੋਈ


ਨਿਕਲਦਾ 

ਸ਼ਬਦਾਂ ਦਾ ਵਪਾਰ ਕਰਨ 

ਸ਼ਬਦ ਵੇਚਦਾ, 

ਸ਼ਬਦ ਖਰੀਦਦਾ 


ਸਜਦੇ ਸਾਰੇ ਬਜ਼ਾਰ ਸ਼ਬਦਾਂ ਸਹਾਰੇ


ਮੇਰੇ ਪੈਰਾਂ ਨੂੰ 

ਮਿਲਦਾ ਰਾਹ 

               ਸ਼ਬਦਾਂ ਰਾਹੀਂ 

ਮੇਰੇ ਪੈਰਾਂ ਨੂੰ 

            ਚੱਕਰਾਂ 'ਚ ਪਾਉਂਦੇ ਸ਼ਬਦ


ਸ਼ਬਦ ਹੀ ਕਰਦੇ 

ਵਿਸਥਾਰ ਮੇਰਾ, 

ਸ਼ਬਦ ਹੀ ਸਾਂਭਦੇ ਮੈਨੂੰ 

ਇਕ ਬਿੰਦੂ ਅੰਦਰ


ਸ਼ਬਦ ਬਣਨ ਮਿਟਣ ਖਾਤਰ 

ਮੇਰੀਆਂ ਕਵਿਤਾਵਾਂ ਵਿੱਚ ਰਲ਼ ਜਾਂਦੇ॥


ਸ਼ਬਦਾਂ ਦੀ ਮਰਜ਼ੀ


ਸਾਰੇ ਦੇ ਸਾਰੇ ਸ਼ਬਦ ਬਾਹਰ ਸੁੱਟ ਦਿੰਦਾ 

ਮੈਂ ਆਪਣੇ ਮਨ ਕਮਰੇ ਦੀ ਬਾਰੀ 'ਚੋਂ


ਇਕ ਇਕ ਕਰ ਸਜ ਜਾਂਦੇ ਉਹ 

ਮੇਰੇ ਕਮਰੇ ਦੀ ਕਾਰਨਸ 'ਤੇ 

ਮੇਰਾ ਮੂੰਹ ਚਿੜਾਉਂਦੇ


ਮੈਂ ਦੌੜਦਾ ਕਮਰੇ ਤੋਂ ਬਾਹਰ 

ਵਧਣ ਲਗਦੀ ਇਹਨਾਂ ਦੀ ਕਤਾਰ


ਅਜੇ ਤੱਕ ਨਹੀਂ ਹੋਈ 

ਮੇਰੀ ਤੇ ਮੇਰੇ ਸ਼ਬਦਾਂ ਦੀ

ਇਕ ਮਰਜ਼ੀ


ਉਂਜ

ਇਹਨਾਂ ਬਿਨ

ਸਰਦਾ ਨਹੀਂ

ਇਕ ਪਲ ਵੀ॥


ਮਨ ਦੀ ਗੁਫ਼ਾ ਅੰਦਰ


ਲੋਚਿਆ

ਸ਼ੁਰੂ ਕਰਾਂ ਫਿਰ ਤੋਂ ਸਭ


ਬਹੁਤ ਖਿਡੌਣੇ ਤੋੜੇ 

ਨਿੱਕੇ ਹੁੰਦਿਆਂ 

ਯਾਦ ਆਉਂਦਾ 


ਮਨ ਦੀ ਗੁਫ਼ਾ ਅੰਦਰ 

ਖਜੁਰਾਹੋ ਦੀਆਂ ਮੂਰਤੀਆਂ ਘੜਨ ਲਗਦਾ


ਮੇਰਾ ਕੋਈ ਇਕ ਸਿਰਾ ਨਹੀਂ॥



ਆਵਾਜ਼ਾਂ


ਮੇਰੇ ਮਨ-ਸਮੁੰਦਰ 'ਚ

ਕਿੰਨੀਆਂ ਆਵਾਜ਼ਾਂ

ਮੱਛੀਆਂ ਵਾਕੁਣ

ਖ਼ੂਬਸੂਰਤ ਰੰਗ ਬਰੰਗੀਆਂ


ਡੁਬਕੀ ਲਾਉਂਦੀਆਂ

               ਧੁਰ ਹੇਠਾਂ

                      ਗਹਿਰੇ ਪਾਣੀ

                ਕਦੇ ਤੈਰਦੀਆਂ

ਉਪਰਲੀ ਸਤਹ 'ਤੇ ਹੀ


ਸ਼ਬਦਾਂ ਦੇ ਜਾਲ ਸੰਗ ਫੜਦਾ

ਇਹਨਾਂ ਨੂੰ ਮੈਂ


ਨਿਹਾਰਦਾ ਰਹਿੰਦਾ

ਰਹਿ ਜਾਂਦੀਆਂ ਜੋ

ਇਸ ਜਾਲ ਤੋਂ ਬਾਹਰ


ਡੁਬਕੀ ਲਾਉਂਦੀਆਂ

ਤੈਰਦੀਆਂ ਮੱਛੀਆਂ ਵਾਕੁਣ

ਆਵਾਜ਼ਾਂ॥



ਇਕ ਆਵਾਜ਼ 

ਸਗਲ ਪਸਾਰਾ 

ਛਿਣ ਛਿਣ 

ਪਲ ਪਲ 

ਕਣ ਕਣ 'ਚ ਰੁਪਾਂਤਰਿਤ


ਸਭ ਰੰਗ ਰੂਪ ਉਹਦੇ 

ਕਦੇ ਤਰਲ 

ਜਿਧਰ ਚਾਹੁੰਦੀ ਵਹਿੰਦੀ 

ਕਦੇ ਠੋਸ ਆਕਾਰ 

ਬਦਲਦੀ ਮੈਨੂੰ 

ਸਾਹ ਦਿੰਦੀ॥


ਆਵਾਜ਼ ਉਹੀ 

         ਮਿੱਟੀ ਰੰਗੀ 

                ਸਵਾਦ ਚੱਖ਼ਦੀ 

         ਕੁੱਖ ਅੰਦਰ ਬੀਜ ਪਾਲਦੀ 

ਬੂਟਾ ਹੁੰਦੀ 

         ਬਿਰਖ ਬਣਦੀ 

                  ਧੁੱਪ ਛਾਂ 'ਚ ਚਹਿ ਚਹਾਉਂਦੀ 

ਹਵਾ ਸੰਗ ਗਾਉਂਦੀ 

           ਪਾਣੀਆਂ ਨੂੰ ਲਹਿਰਾਉਂਦੀ 

                    ਇਕ ਬਿੰਦੂ ਸਮਾਉਂਦੀ॥


ਇਸ ਬਿੰਦੂ 'ਚ 

ਆਦਿ ਕਾਲ ਤੋਂ 

ਮੈਂ ਵੀ ਇਕ ਆਵਾਜ਼ 

ਤੇ ਤੂੰ ਵੀ


ਇਸੇ ਤਰ੍ਹਾਂ 

ਕੁਲ ਜੀਆ ਜੰਤ 

ਬਨਸਪਤਿ


ਰਲ ਦੋਹੇਂ ਅਸੀਂ 

ਸਾਹਾਂ ਨੂੰ ਦੇਹ ਦਿੰਦੇ 

ਨੈਣ ਨਕਸ਼ ਘੜਦੇ 

ਅੰਗ ਅੰਗ ਸਿਰਜਦੇ 

ਇਕ ਦੂਜੇ ਦੀ ਪੂਰਨਤਾ ਲਈ॥


ਆਵਾਜ਼ ਉਹੀ 

ਪਾਣੀਆਂ ਜਿਹੀ 

ਨਿੰਮਲ ਬੇਰੰਗ 

ਸਭ ਰੰਗਾਂ ਨੂੰ ਸਮਰਪਿਤ 

ਸਭ ਆਕਾਰ ਸਵੀਕਾਰਦੀ 

ਤਨ ਮਨ ਤੋਂ ਨੰਗੀ 

ਸਮੇਂ ਦੇ ਅੰਦਰ ਵਗਦੀ 

ਤੇ ਬਾਹਰ ਵੀ 

ਸਹਿਜਤਾ ਸੁਹਜਤਾ ਨਾਲ ਇਕਮਿਕ


ਕੋਰਾ ਸਫ਼ਾ ਹੁੰਦੀ 

ਹਵਾ 'ਚ ਫੜ ਫੜਾਉਂਦੀ 

ਮੁਕਤ ਗਗਨ 'ਚ ਉਡਦੀ॥


ਆਵਾਜ਼ ਉਹ 

ਮਾਸੂਮ ਤੋਤਲੀ 

ਕਿਲਕਾਰੀਆਂ ਦਾ 

ਸਨਾਤਨੀ ਗਾਇਣ ਕਰਦੀ 

ਸ਼ਬਦਾਂ ਨੂੰ 

ਗੋਲ ਮਟੋਲ ਆਕਾਰ ਦਿੰਦੀ


ਆਵਾਜ਼ 'ਚ 

ਧਰਤੀ ਸਫ਼ਰ ਕਰਦੀ 

ਅਸੀਮ ਅੰਬਰ ਸਿਰਜਦੀ


ਮੇਰੇ ਪੁਰਖਿਆਂ ਦੀਆਂ ਆਵਾਜ਼ਾਂ 

ਦਮ ਭਰਦੀਆਂ

ਇਸ ਆਵਾਜ਼ ਦੀ ਦੇਹ ਅੰਦਰ॥


ਆਵਾਜ਼ ਦਾ ਇਕ ਰੂਪ ਇਹ ਵੀ, 

ਤੁਰਨ ਲਗਦੀਆਂ ਕਿੰਨੀਆਂ ਆਵਾਜ਼ਾਂ 

ਵੱਖ-ਵੱਖ ਪਰਤਾਂ 'ਚ 

ਉਹਦੇ ਅੰਦਰ ਬਾਹਰ


ਪਹਿਨਦੀਆਂ ਬਸਤਰ

ਦੁੱਧ ਚਿੱਟੇ ਰੰਗਦਾਰ

ਨਮੂਨਿਆਂ ਵਾਲੇ


ਆਵਾਜ਼ ਉਹੀ

ਜੰਗਲ ਦੇ ਸਭ ਜਾਨਵਰ ਬਣਦੀ

ਚੰਘਾੜਦੀ

           ਦਹਾੜਦੀ

                     ਝਪਟਦੀ

ਤਨ ਬਣਦੀ ਮਨ ਬਣਦੀ

ਆਤਮਾ ਨਦੀ ਨੂੰ ਮਾਰੂਥਲ  ਬਦਲਦੀ


ਆਵਾਜ਼ ਇਹ ਲਿਖਣ ਲਗਦੀ

ਜਾਣੇ ਪਛਾਣੇ

ਪਹਿਲਾਂ ਹੀ ਮਿਥੇ

ਸਭ ਸ਼ਬਦ॥



ਆਵਾਜ਼ ਅੰਦਰ 

ਹੋਂਦ ਸਵੀਕਾਰਦਾ 

ਸ਼ਬਦ

       ਲੈਅਮਈ ਹੁੰਦਾ 

                 ਨ੍ਰਿਤ ਕਰਦਾ 

                        ਰੰਗਾਂ 'ਚ ਵਟਦਾ 


ਅਨੰਤ ਧਰਤੀਆਂ 

ਅਨੰਤ ਅੰਬਰ 

ਅਨੰਤ ਰੂਪਾਂ 'ਚ ਤੁਰਦਾ, ਉਡਦਾ


ਆਵਾਜ਼ ਅੰਦਰ ਹੀ 

ਮਿਟ ਜਾਂਦਾ 

ਸਾਰਾ ਸ਼ਬਦ ਸੰਸਾਰ॥ 


ਸ਼ਾਇਦ ਇਸੇ ਲਈ


ਕਦੇ ਕਦਾਈਂ

ਸੋਚਦੇ ਤਾਂ ਹੋਣਗੇ ਪਹਾੜ

ਬਣ ਜਾਣ ਉਹ

ਕੋਮਲ, ਨਿੱਕੀਆਂ ਪੱਤੀਆਂ ਵਾਲੇ

ਰੰਗ ਬਿਰੰਗੇ ਫੁੱਲ


ਜਿੰਨ੍ਹਾਂ ਨੂੰ ਦੇਖ

ਅਚੰਭਿਤ ਹੋਣ ਬੱਚੇ


ਕੋਈ ਅਰਪਤ ਕਰੇ

ਦੇਵੀ-ਦੇਵਤਿਆਂ ਦੀ ਮੂਰਤ ਅੱਗੇ


ਕਿੰਨੀਆਂ ਹੀ ਨਦੀਆਂ ਦੇ ਜਨਮਾਂ ਤੋਂ

ਲਗਦੈ ਪਤਾ

ਕੀ ਚਾਹੁੰਦੇ ਨੇ ਪਹਾੜ


ਸ਼ਾਂਤ, ਨਿਰੰਤਰ ਵਹਿੰਦੀਆਂ ਨਦੀਆਂ 

ਚਾਹੁੰਦੀਆਂ ਹੋਣਗੀਆਂ ਜ਼ਰੂਰ 

ਰੁਕਣ ਘੜੀ ਪਲ

ਕਿਸੇ ਪੱਥਰ ਕੋਲ 

ਕਹਿਣ ਸੁਣਨ ਦਿਲ ਦੀ ਗੱਲ 


ਬਹੁਤ ਵਾਰ ਰਹਿ ਜਾਣਾ ਲੋਚਦੀਆਂ ਹੋਣਗੀਆਂ 

ਕਿਸੇ ਦੀਆਂ ਪਲਕਾਂ 'ਚ ਬੰਦ 

ਕਈ ਵਾਰ ਡਰ ਜਾਂਦੀਆਂ ਹੋਣਗੀਆਂ 

ਆਪਣੇ ਤਰ੍ਹਾਂ-ਤਰ੍ਹਾਂ ਦੇ ਆਕਾਰਾਂ ਤੋਂ


ਨਦੀਆਂ ਲੈਂਦੀਆਂ ਨੇ 

ਕਿਹੋ ਜਿਹੇ ਸੁਪਨੇ 

ਜਾਣਦੇ ਨੇ 

ਫੁੱਲਾਂ ਫਲਾਂ ਨਾਲ ਲੱਦੇ 

ਹਰੇ ਭਰੇ ਬਿਰਖ਼-ਬੂਟੇ


ਜੀਅ ਜ਼ਰੂਰ ਕਰਦਾ ਹੋਵੇਗਾ 

ਰੁੱਖਾਂ ਦਾ 

ਭ੍ਰਮਣ ਕਰਨ 

ਦੇਖਣ ਦੁਨੀਆਂ ਰੰਗ ਰੰਗੀਲੀ 

ਜਾਣ ਉਹਨਾਂ ਥਾਵਾਂ ਤੇ 

ਜਿਥੇ ਨਹੀਂ ਪਹੁੰਚਿਆ ਅਜੇ ਆਦਮੀ 


ਕੋਈ ਰਾਹੀ ਕਰ ਆਰਾਮ

ਤੁਰਦੈ ਜਦੋਂ ਆਪਣੇ ਸਫ਼ਰ 'ਤੇ 

ਇਹ ਖੜ੍ਹੇ ਰਹਿ ਕੇ ਵੀ 

ਤੁਰਦੇ ਰਹਿੰਦੇ ਹਰ ਸਫ਼ਰੀ ਨਾਲ


ਮੇਰੇ ਕੋਲ ਹੈ

ਰੁੱਖਾਂ ਦੀ ਹਰਿਆਲੀ 

ਨਦੀਆਂ ਦਾ ਵਹਿਣ

ਪੱਥਰਾਂ ਵਿਚਲੀ ਅੱਗ


ਸ਼ਾਇਦ ਇਸੇ ਲਈ 

ਚੁੱਕੀ ਫਿਰਦੇ ਨੇ 

ਮੇਰੇ ਮੋਢੇ 

ਸਾਰੇ ਪਹਾੜ॥


ਨਾ ਪੜ੍ਹੀਂ ਇਹ ਕਵਿਤਾ


ਤੇਰੀ ਯਾਦ

ਨਹੀਂ ਆਈ ਮੈਨੂੰ 

ਉਸੇ ਤਰਾਂ 

ਗੁਜ਼ਰ ਗਿਆ ਪੂਰਾ ਦਿਨ


ਰਾਤੀਂ 

ਸੌਣ ਤੋਂ ਪਹਿਲਾਂ 

ਕਮਰੇ ਦੀਆਂ ਬਾਰੀਆਂ 

ਖੋਲ੍ਹਣ ਵੇਲੇ 

ਯਾਦ ਕੀਤਾ ਮੈਂ ਤੈਨੂੰ 

ਸਾਂਭ ਲਏ ਉਹ ਸਾਰੇ ਬੋਲ 

ਬੋਲਦਾ ਸਾਂ ਰੋਜ਼ ਜੋ ਏਸ ਵੇਲੇ 

ਪਹਿਲਾਂ ਹੀ ਮਿਥੇ, ਜਾਣੇ ਪਛਾਣੇ


ਸੁਫ਼ਨੇ 'ਚ ਤੂੰ ਨਹੀਂ, 

ਉਹ ਤਾਂ 

ਠੰਢ ਤੋਂ ਬਚਣ ਲਈ 

ਕੰਬਲ ਲੈਂਦਿਆਂ 

ਹੈਰਾਨ ਹੋਇਆ ਮੈਂ 

ਯਾਦ ਕੀਤਾ ਤੈਨੂੰ


ਧੁੱਪ ਦੀ ਦਸਤਕ 'ਤੇ ਜਾਗਿਆ 

ਮੇਰੇ ਸਰ੍ਹਾਣੇ ਨਹੀਂ ਸੀ 

ਅੱਜ ਦਾ ਅਖ਼ਬਾਰ 

ਹਾਕ ਮਾਰਨ ਲੱਗਿਆਂ 

ਯਾਦ ਕੀਤਾ ਤੈਨੂੰ


ਨਹਾਉਂਦਾ 

ਗੁਣ-ਗੁਣਾਉਂਦਾ ਰਿਹਾ 

ਰੋਜ਼ ਵਾਲਾ ਉਹੋ ਹੀ ਗੀਤ 


ਪਿੰਡਾ ਪੂੰਝਣ ਵੇਲੇ ਨਹੀਂ ਮਿਲਿਆ 

ਖੂੰਟੀਆਂ 'ਤੇ ਤੌਲੀਆ 

ਘਰ ਸਿਰ 'ਤੇ ਚੁੱਕਣ ਲੱਗਿਆਂ 

ਯਾਦ ਕੀਤਾ ਤੈਨੂੰ


ਤੂੰ ਆਏਂਗੀ ਅੱਜ ਜਾਂ ਕੱਲ 

ਨਾ ਪੜ੍ਹੀ ਇਹ ਕਵਿਤਾ 

ਜੇ ਪੜ੍ਹ ਲਈ ਜ਼ਿੱਦ ਕਰਕੇ 

ਮੈਂ ਮੁਕਰ ਜਾਣਾ ਹੈ 

ਇਹ ਨਹੀਂ ਲਿਖੀ ਤੇਰੇ 'ਤੇ 

ਝਾਕੇਂਗੀ ਮੇਰੇ ਵੱਲ 

ਤੂੰ ਕਿਨੇ ਵਿਸ਼ਵਾਸ ਨਾਲ 

ਯਾਦ ਕੀਤਾ ਮੈਂ ਤੈਨੂੰ॥


ਤੇਰੇ ਮੇਰੇ ਹੋਣ ਕਰਕੇ


ਵੰਗਾਂ, ਗਜਰੇ ਛਣਕਾਉਂਦੀ 

ਬਾਹਾਂ ਫੈਲਾਉਂਦੀ 

ਕਲਾਵੇ 'ਚ ਭਰਦੀ 

ਮੈਨੂੰ ਚਾਨਣੀ 

ਕੋਲ ਕੋਲ ਹੁੰਦਾ 

ਮੈਂ ਆਪਣੇ ਆਪ ਦੇ


ਰਸੋਈ 'ਚ ਕੀਤੀ 

ਨਿੱਕੀ ਜਿਹੀ ਸ਼ਰਾਰਤ ਤੋਂ 

ਹੋਰ ਵੀ ਸੁਰਖ਼ ਹੋ ਜਾਂਦਾ 

ਕਸ਼ਮੀਰੀ ਸਿਉ, 

ਘਰ ਦੇ ਚੱਕਰਾਂ ਤੋਂ 

ਬਾਹਰ ਹੁੰਦਾ 

ਉਦੋਂ ਉਦੋਂ ਮੈਂ


ਮੇਰੇ ਬਿਨ 

ਉਹਦੀ ਬੇਚੈਨੀ, ਉਹਦੀ ਉਡੀਕ 

ਦਸਦੀ ਮੈਨੂੰ 

ਜਦੋ ਮੈਂ ਆਉਂਦਾ 

ਉਹ ਮੇਰੇ ਪਸੰਦ ਦੇ ਕੱਪੜਿਆਂ 'ਚ 

ਧਰਤੀ 'ਤੇ ਉਤਰੀ ਪਰੀ ਹੁੰਦੀ 

ਮੇਰੇ ਮੱਥੇ ਦੇ ਅੰਬਰ 'ਤੇ 

ਉਲਝਣ ਦੇ ਬੱਦਲਾਂ ਸੰਗ 

ਹਠਖੇਲੀਆਂ ਕਰਦੀ

ਮੇਰੇ ਗੁਨਾਹਾਂ ਦੇ ਪਹਾੜ 'ਤੇ 

ਬਰਸਦੀ ਉਹ ਬੱਦਲੀ 

ਹਰੀਆਂ ਕਚੂਰ ਹੁੰਦੀਆਂ 

ਚਰਿਆਂਦਾ 

ਵਹਿਣ ਲਗਦੀਆਂ ਨਦੀਆਂ


ਸੰਭਵ ਹੁੰਦੇ 

ਇਹ ਸਾਰੇ ਪਰਿਵਰਤਨ 

ਤੇਰੇ ਮੇਰੇ ਹੋਣ ਕਰਕੇ


ਸ਼ਾਮਲ ਹੈ ਪਿਆਰ 

ਸਾਡੇ ਦੋਹਾਂ 'ਚ 

ਇਕ ਦੂਜੇ ਲਈ 

ਜੁੜੇ ਰਹਿਣ ਦੇ 

ਭਾਵੇਂ ਹੈਨ ਹੋਰ ਵੀ 

ਕਿੰਨੇ ਹੀ ਕਾਰਨ॥


ਸਵੇਰ-1


ਸਭ ਤੋਂ ਪਹਿਲਾਂ ਜਾਗਦੀ 

ਮੇਰਾ ਮੱਥਾ ਚੁੰਮਦੀ 

ਚਹਿ ਚਹਾਉਂਦੀ


ਜਾਗਦੇ 

ਰੁੱਖਾਂ ਦੀਆਂ ਟਹਿਣੀਆਂ ਸੰਗ ਸੁੱਤੇ ਪੱਤੇ, 

ਬੰਦ ਬੂਹਿਆਂ ਦੇ ਕੁੰਡੇ-ਜਿੰਦੇ


ਸਵੇਰ 

ਰਾਤ ਦੇ ਆਰਾਮ ਦੀਆਂ ਤੈਹਾਂ ਲਾਉਂਦੀ 

ਦਿਨ ਦੇ ਵਿਹੜੇ ਨੂੰ ਸੰਵਰਦੀ 

ਚੁੱਲ੍ਹੇ ਅੱਗ ਪਾਉਂਦੀ


ਸਵੇਰ

ਮੇਰੇ ਨਹਾਉਣ ਲਈ 

ਨਿੱਘੀਆਂ ਕਿਰਨਾਂ ਦੀ ਬਾਲਟੀ ਭਰਦੀ 

ਧਰਤੀ ਦੀਆਂ ਖੂੰਟੀਆਂ 'ਤੇ 

ਧੁੱਪ ਛਾਂ ਦੇ ਬਸਤਰ ਟੰਗਦੀ 

ਰੂਹ ਦੀ ਤਾਜ਼ਗੀ ਹੋਰ ਵੀ ਨਿਖ਼ਰ ਜਾਂਦੀ


ਸਵੇਰ ਸ਼ਾਂਤ ਹੁੰਦੀ ਹੋਈ ਵੀ 

ਕਾਹਲ 'ਚ ਹੁੰਦੀ 

ਸੁਖ਼ਨ ਨੂੰ ਨਿੱਘੀ ਬੁੱਕਲ ਦਿੰਦੀ 

ਮੇਰੇ ਟਿਫ਼ਨ 'ਚ ਦੁਪਹਿਰ ਦਾ ਰੱਜ ਪੈਕ ਕਰਦੀ


ਮੈਂ ਸ਼ਬਦਾਂ ਦੀਆਂ ਜੇਬਾਂ ਭਰਦਾ, 

ਇਕ ਵਿਸ਼ਵਾਸ ਨਾਲ 

ਦਿਨ ਦੇ ਬੂਹੇ 'ਤੇ ਦਸਤਕ ਦਿੰਦਾ॥


ਸਵੇਰ-II


ਇਕ ਸਵੇਰ

ਹੋਏਗੀ ਅਜਿਹੀ

ਮੈਂ ਜਾਗਾਂਗਾ

ਸਦਾ ਲਈ


ਪੂਰੀ ਕਾਇਨਾਤ 'ਚ ਅਭੇਦ॥


ਸਵੇਰ-III


ਚਿੜੀਆਂ 

ਆਪਣੇ ਚਹਿ ਚਹਾਉਣ ਚੋਂ 

ਪੈਦਾ ਕਰਦੀਆਂ 

ਰੋਜ਼ ਇਕ ਨਵਾਂ ਸੂਰਜ॥


ਸੁਬਕ ਜਿਹਾ ਹੱਥ


ਮੈਂ ਪਹਾੜਾਂ 'ਤੇ ਜਾਂਦਾ 

ਹਰਿਆਲੀਆਂ ਪਗਡੰਡੀਆਂ ਬਣਦੇ 

ਅੰਬਰ ਦੇ ਨੇੜੇ ਨੇੜੇ ਲੈ ਜਾਂਦੇ


ਮੇਰੀ ਪਿਆਸ ਲਈ 

ਝਰਨੇ ਵਹਿੰਦੇ 

ਮੇਰੀ ਜੀਰਾਂਦ ਲਈ 

ਉੱਚੇ ਲੰਮੇ ਬਿਰਖ ਗਾਉਂਦੇ 

ਚਾਰੋਂ ਤਰਫ਼ 

ਖ਼ੂਬਸੂਰਤ ਨਜ਼ਾਰੇ ਹੁੰਦੇ


ਹੌਲਾ ਫੁੱਲ ਹੁੰਦਾ ਮੈਂ 

ਮੇਰੇ ਮੋਢੇ 'ਤੇ ਹੁੰਦਾ 

ਸੁਬਕ ਜਿਹਾ ਹੱਥ 

ਕੁਦਰਤ ਤੇਰਾ॥


ਪਗਲੀ ਨਦੀ


ਬਹੁਤ ਵਾਰ ਉਦਾਸ ਹੋ ਜਾਂਦਾ 

ਨਿੱਕੀਆਂ ਨਿੱਕੀਆਂ ਗੱਲਾਂ ਤੋਂ


ਇਹ ਕੀ 

ਹੁਣੇ ਤਾਂ ਲੈ ਗਈ ਸੀ 

ਮੇਰੇ ਕਮਰੇ ਦੀ ਬਾਰੀ ਮੈਨੂੰ 

ਸਾਹਮਣੇ ਪਾਰਕ 'ਚ ਘਾਹ 'ਤੇ 

ਖਿੜੇ ਹੋਏ ਗੇਂਦੇ ਗੁਲਾਬਾਂ ਵਿਚਕਾਰ 

ਕਿਥੋਂ ਆ ਧਮਕੇ 

ਮੇਰੇ ਪਿਤਾ ਜੀ

ਕਿਸੇ ਇਮਾਰਤ ਦੀ ਅਖੀਰਲੀ ਸਿਖ਼ਰਲੀ 

ਆਸਮਾਨ ਦੇ ਬਿਲਕੁਲ ਨੇੜਲੀ 

ਮੰਜ਼ਲ ਤੇ ਕੰਮ ਕਰਦੇ 

ਮੈਂ ਤਾਂ ਘਰੇ ਨਹੀਂ ਸੀ


ਨਹੀਂ ਨਹੀਂ ਮੈਂ ਹੀ ਗਲਤ ਸੀ 

ਇਹ ਹੋਣਾ ਤਾਂ ਸੁਭਾਵਿਕ ਹੀ ਸੀ 

ਘਰ ਮੇਰੇ ਨਾਲ ਨਾਲ ਹੁੰਦਾ ਹੈ 

ਹਰ ਥਾਂ ਹੀ


ਕਿੰਨਾ ਥੱਕ ਚੁੱਕੇ ਨੇ 

ਅੰਬਰ ਦੇ ਤਾਰੇ 

ਮੇਰੇ ਲਈ ਚਮਕਦੇ 


ਸੌਂ ਜਾਣਾ ਚਾਹੀਦੈ 

ਗੂੜ੍ਹੀ ਨੀਂਦ ਹੁਣ ਤਾਂ 

ਪਰ ਕਦੋਂ ਵਿਕੇ ਨੇ 

ਅਜੇ ਸਾਰੇ ਘੋੜੇ


ਹਨ੍ਹੇਰਾ ਕਿੰਨਾ ਚੰਗਾ ਲਗਦਾ 

ਆਪਣੀ ਮਰਜ਼ੀ ਦਾ 

ਆਪਣਾ ਅਕਸ ਤੱਕਣ ਲਈ 

ਮੈਂ ਅਕਸਰ ਹੀ ਡਰ ਜਾਂਦਾ ਹਾਂ 

ਚਾਨਣ 'ਚ ਆਪਣੇ ਆਪ ਤੋਂ


ਬਹੁਤਵਾਰ ਉਦਾਸ ਹੋ ਜਾਂਦਾ 

ਮੈਂ ਨਿੱਕੀਆਂ-ਨਿੱਕੀਆਂ ਗੱਲਾਂ ਤੋਂ 

ਬਹੁਤਵਾਰ ਪਰਵਾਹ ਨਹੀਂ ਕਰਦਾ 

ਕਿਸੇ ਵੱਡੇ ਹਾਦਸੇ ਦੀ ਵੀ


ਜ਼ਰੂਰ ਵਗਦੀ ਹੋਵੇਗੀ 

ਇਥੇ ਹੀ ਕਿਤੇ 

ਮੇਰੀ ਆਪਣੀ ਪਗਲੀ ਨਦੀ॥


ਸਾਹਾਂ ਵਰਗਾ


ਆਪਣੇ ਆਪ ਨੂੰ ਵੇਚ 

ਆਥਣ ਵੇਲੇ ਪਰਤਦਾ ਘਰ ਬਾਪੂ 

ਹੁੰਦਾ ਸਾਲਮ ਦਾ ਸਾਲਮ 

ਸਾਡੇ ਸਾਰਿਆਂ 'ਚ ਬੈਠਾ 

ਸ਼ਹਿਰ ਦੀਆਂ ਕਿੰਨੀਆਂ ਹੀ ਇਮਾਰਤਾਂ 'ਚ 

ਇੱਟ ਇੱਟ ਹੋ 

ਚਿਣੇ ਜਾਣ ਦੇ ਬਾਵਜੂਦ


ਅਜੀਬ ਹੈ 

ਬਾਪੂ ਦੇ ਸੁਭਾਅ ਦਾ ਦਰਿਆ 

ਕਈ ਵਾਰ ਉਛਲ ਜਾਂਦੈ 

ਨਿੱਕੀ ਜਿਹੀ ਕੰਕਰ ਨਾਲ ਹੀ 

ਤੇ ਕਈ ਵਾਰ ਵਹਿੰਦਾ ਰਹਿੰਦੈ 

ਸ਼ਾਂਤ ਅਡੋਲ 

ਤੂਫ਼ਾਨੀ ਰੁੱਤ 'ਚ ਵੀ


ਸਾਡੇ ਲਈ ਬਹੁਤ ਕੁਝ ਹੁੰਦੈ 

ਬਾਪੂ ਦੀ ਜੇਬ 'ਚ 

ਹਰੇ ਕਚੂਰ ਪੱਤਿਆਂ ਜਿਹਾ 

ਸਾਹਾਂ ਵਰਗਾ


ਘਰ ਅੱਜ-ਕੱਲ੍ਹ 

ਹੋਰ ਵੀ ਬਹੁਤ ਕੁਝ 

ਲਗਦਾ ਹੈ ਬਾਪੂ ਨੂੰ


ਬਾਪੂ ਤਾਂ ਬਾਪੂ ਹੈ 

ਕੋਈ ਅਦਾਕਾਰ ਨਹੀਂ 

ਸਾਡੇ ਸਾਹਵੇਂ ਜ਼ਾਹਰ ਹੋ ਹੀ ਜਾਂਦੀ 

ਇਹ ਗੱਲ 

ਕਿ ਬਾਜ਼ਾਰ 'ਚ 

ਘਟਦੀ ਜਾ ਰਹੀ ਹੈ 

ਉਹਨਾਂ ਦੀ ਕੀਮਤ


ਬਾਪੂ ਨੂੰ ਚਿੰਤਾ 

ਮਾਂ ਦੇ ਸੁਪਨਿਆਂ ਦੀ 

ਸਾਡੇ ਚਾਵਾਂ ਦੀ 

ਤੇ ਸਾਨੂੰ ਚਿੰਤਾ 

ਬਾਪੂ ਦੀ 

ਦਿਨੋ-ਦਿਨ ਘਟਦੀ ਕੀਮਤ ਦੀ॥ 


ਸੁਖ਼ਨ ਦੇ ਬਹਾਨੇ


ਬਹੁਤ ਜ਼ਿੱਦੀ

ਸੁਖ਼ਨ ਮੇਰਾ

ਕਹੇਗਾ

ਹੁਣ ਹੀ ਖਿੜ ਜਾਣ ਫੁੱਲ 

ਹਿਲਾਵੇਗਾ ਆਪਣੇ ਜਿੱਡੇ ਬੂਟੇ ਨੂੰ 

ਆਵੇ ਜੋਰ ਦਾ ਮੀਂਹ 

ਨਹਾਉਣ ਲਈ ਉਤਾਰ ਦੇਵੇਗਾ 

ਕਮੀਜ਼-ਨੀਕਰ, 

ਦਿਨ ਵੇਲੇ ਭਾਲੇਗਾ 

ਅੰਬਰ ਤੋਂ ਚੰਨ ਤਾਰੇ ਚਮਕਦੇ


ਕੁਝ ਵੀ ਨਾ ਹੋਣ ਤੇ 

ਮੇਰੇ ਨਾਲ 

ਸਭ ਨਾਲ 

ਨਹੀਂ ਬੋਲੇਗਾ 


ਕਿਸੇ ਵੀ ਲਾਲਾਚ ਵੱਸ 

ਨਹੀਂ ਛੱਡਦਾ 

ਆਪਣੀ ਜ਼ਿੱਦ ਦਾ ਖਹਿੜਾ


ਸ਼ਾਇਦ ਭੁੱਲ ਜਾਂਦਾ ਹੋਵੇ 

ਜਾਂ ਫਿਰ ਸਾਂਭਦਾ ਜਾਂਦਾ ਹੋਵੇ 

ਇਹ ਸਭ ਕਿਸੇ ਕੋਨੇ 'ਚ 

ਹੋ ਸਕਦੈ ਸਮਝੌਤਾ ਕਰ ਲੈਂਦਾ ਹੋਵੇ 

ਆਪਣੇ ਆਪ ਨਾਲ 


ਇਕ ਸਮੇਂ ਤੋਂ ਬਾਅਦ ਸਹਿਜ ਹੋ ਜਾਂਦਾ ਸੁਖ਼ਨ


ਸੋਚ ਉਦਾਸ ਹੋ ਜਾਂਦਾ ਹਾਂ 

ਸਿਖਦਾ ਜਾ ਰਿਹੈ ਸੁਖ਼ਨ 

ਅਹਿਸਤਾ ਅਹਿਸਤਾ 

ਮੇਰੇ ਜਿਹਾ ਸਭ ਕੁਝ


ਜਦੋਂ ਉਦਾਸ ਹੋਵਾਂ ਮੈਂ, 

ਨਾ ਬੋਲਾਂ ਮਾਂ ਨਾਲ 

ਨਾ ਕੋਈ ਗੱਲ ਕਰਾਂ ਪਤਨੀ ਨਾਲ 

ਤਾਂ ਕਿੰਨੀਆਂ ਹੀ ਸ਼ਰਾਰਤਾਂ ਕਰੇਗਾ ਸੁਖ਼ਨ 

ਗਾਏਗਾ ਤੋਤਲੀ 'ਵਾਜ਼ ਵਿੱਚ 

ਕੋਈ ਫਿਲਮੀ ਗੀਤ, 

ਸਰਕਸ ਦੇ ਜੌਕਰ ਵਾਂਗ 

ਊਟ-ਪਟਾਂਗ ਅਦਾਵਾਂ 

ਕਰਦਾ ਰਹੇਗਾ ਉਦੋਂ ਤੱਕ 

ਨਾ ਹੱਸੀਏ ਅਸੀਂ 

ਜਦੋਂ ਤੱਕ


ਘੜੀ ਪਲ ਭੁੱਲ ਜਾਂਦੇ 

ਸਾਰੇ ਗਿਲੇ ਸ਼ਿਕਵੇ 

ਘਰ ਦੇ ਅਨੰਤ ਚੱਕਰ


ਸਾਡੇ ਲਈ ਹੁੰਦਾ ਓਦੋਂ 

ਜ਼ਿੰਦਗੀ ਨੂੰ ਪਰਿਭਾਸ਼ਤ ਕਰਦਾ 

ਕੋਈ ਦਾਰਸ਼ਨਿਕ ਸੁਖ਼ਨ


ਅਸੀਂ ਫਿਰ ਤੋਂ ਰੁਝ ਜਾਂਦੇ 

ਪੁੱਟਦੇ ਅਗਲਾ ਕਦਮ


ਸੁਖ਼ਨ ਨਿੱਕਾ ਹੈ ਅਜੇ 

ਝੂਠ ਬੋਲਾਂ ਜੇ ਮੈਂ 

ਬਹਿਸਣ ਲੱਗੇਗਾ 

ਦਲੀਲਾਂ ਉਹਨੂੰ 

ਦੇਣੀਆਂ ਨੀ ਆਉਂਦੀਆਂ 

ਝੂਠ ਦੇ ਖਿਲਾਫ਼ ਧਰਦਾ ਜਾਵੇਗਾ 

ਰਟੇ-ਰਟਾਏ ਸਾਰੇ ਕਥਨ


ਸੁਖ਼ਨ ਨਿੱਕਾ ਹੈ ਅਜੇ 

ਮੇਰੇ ਬਹੁਤ ਸਮਝਾਉਣ ਤੇ 

ਥੋੜ੍ਹਾ ਥੋੜ੍ਹਾ ਸਮਝਣ ਲੱਗਿਆ ਹੈ 

ਘਰ ਦਾ ਪਹਿਲਾ ਦੂਜਾ ਪਾਠ


ਟੋਫ਼ੀਆਂ ਜਿਹੇ 

ਨਿੱਕੇ ਨਿੱਕੇ ਲਾਲਚਾਂ ਰਾਹੀਂ 

ਝੂਠ ਉਹਦੇ ਅੰਦਰ ਰਚਦਾ ਜਾ ਰਿਹੈ


ਉਹਦੀ ਮਸੂਮੀਅਤ ਤੋਂ 

ਡਰ ਜਾਂਦਾ ਹਾਂ ਮੈਂ, 

ਉਦੋਂ ਉਦੋਂ ਨਹੀਂ ਦੇਖਦਾ 

ਵਿਹੜੇ ਵਿਚਲਾ ਬਿਰਖ 

ਅੰਬਰ ਦੇ ਉਡਦੇ ਪਰਿੰਦੇ


ਸੱਚ ਸੱਚ ਮੇਰਾ ਸੁਖ਼ਨ 

ਹੁੰਦਾ ਜਾ ਰਿਹੈ ਝੂਠ ਝੂਠ


ਉਹ ਬਣਦਾ ਜਾ ਰਿਹੈ 

ਬੰਦਾ

ਮੇਰੇ ਅੰਦਰ 

ਰਾਈ ਤੋਂ ਪਹਾੜ 

ਬਣਦੇ ਜਾਂਦੇ ਨੇ ਗੁਨਾਹ

ਜਾਰੀ ਹੈ ਸਫ਼ਰ

ਅਨੰਤਤਾ ਵੱਲ

ਸੁਖ਼ਨ ਖ਼ਾਤਰ


ਪਿਆਰ ਤੇ ਉਡੀਕ 

ਸ਼ਾਮਲ ਹੈ 

ਇਕੋ ਵੇਲੇ 

ਮੇਰੇ ਤੇ ਸੰਮੀ 'ਚ


ਕਵਿਤਾ ਰਾਹੀਂ ਦੁਹਰਾਇਆ ਹੈ 

ਮੈਂ ਆਪਣੇ ਆਪ ਨੂੰ 

ਸੁਖ਼ਨ ਦੇ ਬਹਾਨੇ॥



ਆਦਿ ਕਾਲ ਤੋਂ ਲਿਖੀ ਜਾਂਦੀ ਕਵਿਤਾ


ਬਹੁਤ ਪਹਿਲਾਂ 

ਕਿਸੇ ਯੁੱਗ 'ਚ ਲਗਵਾਇਆ ਸੀ 

ਮੇਰੇ ਦਾਦੇ ਨੇ 

ਆਪਣੀ ਪਸੰਦ ਦਾ 

ਇਕ ਖੂਬਸੂਰਤ ਦਰਵਾਜ਼ਾ


ਫਿਰ ਕਿਸੇ ਯੁੱਗ 'ਚ 

ਉਖਾੜ ਦਿੱਤਾ ਸੀ 

ਮੇਰੇ ਬਾਪੂ ਨੇ ਉਹ ਦਰਵਾਜ਼ਾ, 

ਤੇ ਲਗਵਾ ਲਿਆ ਸੀ 

ਆਪਣੀ ਹੀ ਪਸੰਦ ਦਾ 

ਇਕ ਨਵਾਂ-ਨਕੋਰ 

ਦਰਵਾਜ਼ਾ


ਘਰ ਦੇ ਮੁੱਖ-ਦੁਆਰ ਤੇ ਲੱਗਿਆ, 

ਹੁਣ ਮੈਨੂੰ ਵੀ ਪਸੰਦ ਨਹੀਂ 

ਉਹ ਦਰਵਾਜ਼ਾ॥


ਦੇਵਨੀਤ 


ਉਹ ਇਕ ਸਮੁੰਦਰ ਚੜ੍ਹਦਾ ਉਤਰਦਾ 

ਮੈਨੂੰ ਆਪਣੇ ‘ਚ ਸਮਾਉਣਾ ਲੋਚਦਾ


ਮੈਂ ਕਿਨਾਰਿਆਂ ‘ਤੇ ਖੜ੍ਹਾ ਵੇਖਦਾ ਰਹਿੰਦਾ 

ਉਹਦੀਆਂ ਲਹਿਰਾਂ ਦਾ ਨ੍ਰਿਤ

ਇਕ ਸੰਗੀਤ ਮੇਰੇ ਅੰਦਰ ਫੈਲਦਾ ਜਾਂਦਾ


ਮੇਰੇ ਮਨ ਦੀ ਬੇੜੀ ਨੂੰ ਆਖਿਆ ਇਕ ਦਿਨ ਉਹਨੇ 

ਆਖ ਇਹਨੂੰ, ਤੇਰੇ ‘ਤੇ ਸਵਾਰ ਹੋ

ਮੇਰੇ ਪਾਣੀਆਂ ਦੀ ਦੇਹ ਨੂੰ ਕਿਵੇਂ ਤਾਂ ਛੋਹੇ 


ਮੈਂ ਪਤਾ ਨ੍ਹੀ ਬੇੜੀ ਦੇ ਆਖੇ ਲੱਗਿਆ ਕਿ ਸਮੁੰਦਰ ਦੇ 

ਠਿਲ ਪਿਆ ਉਹਦੇ ਉਤਰਦੇ ਜਵਾਰ ਅੰਦਰ

ਮੈਂ ਉਹਦੀ ਅਸੀਮਤਾ ਅੰਦਰ ਅਨੰਦਿਤ ਹੁੰਦਾ


ਕਈ ਵਾਰ ਉਕਤਾ ਜਾਂਦਾ ਕਿਨਾਰਿਆਂ ‘ਤੇ ਪਰਤ ਆਉਂਦਾ


ਇਕ ਦਿਨ ਪਤਾ ਨ੍ਹੀ ਕੀ ਵਾਪਰਿਆ 

ਮੈਂ ਬੇੜੀ ਕਿਨਾਰੇ ਛੱਡ ਉਹਦੇ ਤਲ ‘ਤੇ ਜਾ ਉਤਰਿਆ


ਹੁਣ ਮੈਂ ਕਦੇ ਨਹੀਂ ਸੋਚਿਆ ਕਿ ਮੈਂ ਕੁਝ ਵੀ ਨਹੀਂ ਸੀ 

ਜਾਂ ਸਭ ਕੁਝ ਸੀ


ਹੁਣ ਮੈਂ ਸਮੁੰਦਰ ਹਾਂ





ਹਰਨਾਮ


ਨਹੀਂ ਮਿਲਿਆ ਮੈਂ ਤੈਨੂੰ ਉਸ ਤਰਾਂ, 

ਜਿਵੇਂ ਅਕਸਰ ਮਿਲਦੇ ਨੇ ਲੋਕ 

ਇਕ ਦੂਜੇ ਨੂੰ 

ਤੇਰੇ ਹੱਥਾਂ 'ਚੋਂ ਤਿਲਕਿਆ 

ਸੁਰਾਖ ਹੈ ਮੇਰੀ ਨਜ਼ਰ ਸਾਹਵੇਂ


ਮੈਂ ਇਹਦੇ ਆਕਾਰ ਨੂੰ ਬਦਲਦਾ ਰਹਿੰਨਾ 

ਆਪਣੀ ਮਰਜ਼ੀ ਮੁਤਾਬਿਕ

ਇਹ ਕਦੇ ਘੁੰਮਦਾ ਹੈ, 

ਪਹੀਏ ਵਾਂਗ ਗੋਲ ਹੁੰਦਾ ਹੈ

ਕਦੇ ਖ਼ੜ੍ਹਾ ਹੁੰਦਾ ਹੈ ਸਥਿਰ, 

ਬਿਲਕੁਲ ਚੌਰਸ ਹੁੰਦਾ ਹੈ 

ਤੇ ਕਦੇ ਕਦੇ ਡੋਲਦਾ ਇਧਰ ਉਧਰ 

ਪੁੱਠੀ ਤਿਕੌਣ ਹੁੰਦਾ ਹੈ


ਜੇ ਆਲੇ- ਭੋਲੇ ਬਾਲ ਜਿਹੀ ਉਤਸੁਕਤਾ 

ਹੁੰਦੀ ਮੇਰੇ ਅੰਦਰ ?


ਮੈਂ ਆਪਣੇ ਮੋਢਿਆਂ ਦੇ ਫਰਿਸ਼ਤਿਆਂ ਸੰਗ ਦੋਸਤੀ ਗੰਢ ਲਈ ਹੈ॥



ਇੱਕ ਕਾਗਜ਼ ਦੀ ਕਿਸ਼ਤੀ


ਅੰਬਰ 'ਤੇ 

ਉਡ ਰਹੇ ਨੇ ਪੰਛੀ 

ਹਰ ਸੀਮਾਂ ਤੋਂ ਪਾਰ


ਬਾਰੀ ਰਾਹੀਂ 

ਭਰ ਗਿਆ ਮੇਰਾ ਕਮਰਾ 

ਤਰ੍ਹਾਂ ਤਰ੍ਹਾਂ ਦੇ 

ਆਕਾਰ ਬਦਲਦੇ ਬੱਦਲਾਂ ਨਾਲ


ਹੁਣੇ ਹੁਣੇ 

ਬਾਰਿਸ਼ ਹੋਵੇਗੀ 

ਵਹਿੰਦੇ ਪਾਣੀ 'ਚ 

ਕਾਗਜ਼ ਦੀ ਇੱਕ ਕਿਸ਼ਤੀ 

ਮੇਰੀ ਵੀ ਹੋਵੇਗੀ॥ 




ਮਰਜ਼ੀ ਤਾਂ ਸ਼ਬਦਾਂ ਦੀ ਹੀ ਹੁੰਦੀ ਹੈ  



ਸ਼ਨੀਵਾਰ ਦੀ ਦੁਪਹਿਰ। 

ਮੈਂ ਧੁੱਪ ਦੀ ਬੁੱਕਲ ਮਾਰੀ ਬੈਠਾ ਹਾਂ। ਕੋਲ਼ ਹੀ ਮੇਰੀ ਪਹਿਲੀ ਕਾਵਿ-ਕਿਤਾਬ ' ਸ਼ਬਦਾਂ ਦੀ ਮਰਜ਼ੀ ' ਪਈ ਹੈ। ਸੰਨ 1996 ਵਿੱਚ ਪ੍ਰਕਾਸ਼ਿਤ ਹੋਈ। ਇਸ ਕਿਤਾਬ ਦੇ ਸਿਰਫ 64 ਪੰਨੇ ਹਨ ਤੇ 36 ਕਵਿਤਾਵਾਂ। ਅੱਜ ਮੈਂ ਇਹਨੂੰ ਤੀਹ ਸਾਲਾਂ ਬਾਅਦ ਪੜ੍ਹਨਾ ਹੈ। ਇਹ ਉਸ ਗੁਰਪ੍ਰੀਤ ਦੀ ਕਿਤਾਬ ਹੈ ਜਿਸ ਦੀ ਉਮਰ ਉਦੋਂ ਛੱਬੀਆਂ ਦੀ ਸੀ। ਮੈਂ ਹੁਣ ਉਹ ਗੁਰਪ੍ਰੀਤ ਨਹੀਂ ਹਾਂ। 

ਕਿਤਾਬ ਪੜ੍ਹਨ ਤੋਂ ਪਹਿਲਾਂ ਮੈਂ ਸੰਨ 83 ਵਿੱਚ ਛਾਲ ਮਾਰਦਾ ਹਾਂ। ਗਲੀ ਗੁਆਂਢ ਵਿੱਚ ਵਾਪਰੀ ਇੱਕ ਘਟਨਾ ਨੂੰ ਕਹਾਣੀ ਵਿੱਚ ਲਿਖ ਕੇ 'ਜਨ-ਸਾਹਿਤ' ਨਾਂ ਦੇ ਰਸਾਲੇ ਨੂੰ ਛਪਣ ਹਿੱਤ ਭੇਜ ਦਿੰਦਾ ਹਾਂ। ਕਹਾਣੀ ਵਾਪਸ ਆ ਜਾਂਦੀ ਹੈ।ਉਦਾਸ ਜ਼ਰੂਰ ਹੁੰਦਾ ਹਾਂ ਪਰ ਨਿਰਾਸ਼ ਨਹੀਂ। ਤੇ ਮੈਂ ਲਿਖਣਾ ਜਾਰੀ ਰੱਖਦਾ ਹਾਂ।

ਮੇਰੇ ਕੋਲ ਥੋੜ੍ਹੇ ਜਿਹੇ ਸ਼ਬਦ ਸਨ, ਥੋੜ੍ਹੀਆਂ ਜਿਹੀਆਂ ਗੱਲਾਂ ਅਤੇ ਨਿੱਕੇ ਨਿੱਕੇ ਅਹਿਸਾਸ। ਕਹਾਣੀ ਮੈਥੋਂ ਜੁੜਦੀ ਨਹੀਂ ਸੀ। 

ਅਚਾਨਕ ਇੱਕ ਦਿਨ ਇਹਨਾਂ ਸ਼ਬਦਾਂ/ ਗੱਲਾਂ/ ਅਹਿਸਾਸਾਂ ਨੂੰ ਕਵਿਤਾ 'ਚ ਲਿਖਿਆ। ਕਵਿਤਾ ਦਾ  ਨਾਂ ਸੀ ' ਖਾਮੋਸ਼ ਮੇਲਾ '। ਅਮਰੀਕ ਅਮਨ ਅਤੇ ਪ੍ਰਮਿੰਦਰਜੀਤ ਦੀ ਸੰਪਾਦਨਾਂ ਹੇਠ ਨਿਕਲਦੇ ਰਸਾਲੇ 'ਲੋਅ' ਵਿੱਚ ਪ੍ਰਕਾਸ਼ਿਤ ਹੋਈ। ਦੋਸਤਾਂ ਮਿੱਤਰਾਂ ਨੇ ਤਾਰੀਫ ਕੀਤੀ। ਮੈਨੂੰ ਸਮਝ ਆ ਗਈ ਸੀ ਕਿ ਮੇਰੇ ਕੋਲ਼ ਆਪਣੇ ਆਪ ਨੂੰ ਦੱਸਣ/ਪੁੱਛਣ ਤੇ ਸਮਝਣ/ ਮਾਨਣ ਦਾ ਇਹੋ ਤਰੀਕਾ ਹੈ। ਫਿਰ ਮੈਂ ਸਭ ਕੁਝ ਛੱਡ ਛਡਾ ਕੇ ਕਵਿਤਾ ਦਾ ਹੋ ਗਿਆ। ਆਰਸੀ, ਸਿਰਜਣਾ, ਕਹਾਣੀ ਪੰਜਾਬ, ਨਾਗਮਣੀ, ਨਵਾਂ ਜ਼ਮਾਨਾ ਆਦਿ ਵਿੱਚ ਮੇਰੀਆਂ ਕਵਿਤਾਵਾਂ ਛਪਣ ਲੱਗੀਆਂ।

ਇਸ ਕਿਤਾਬ ਤੱਕ ਪਹੁੰਚਦਿਆਂ ਤੇਰਾਂ ਵਰ੍ਹਿਆਂ ਦਾ ਸਫਰ ਤੈਅ ਕੀਤਾ।

ਇਹਨਾਂ ਤੇਰਾਂ ਸਾਲਾਂ ਵਿੱਚ ਮੈਂ ਅਨੇਕਾਂ ਕਵੀਆਂ/ਕਵਿਤਾਵਾਂ ਨੂੰ ਮਿਲਿਆ। ਹਰਨਾਮ ਮੇਰੀ ਪਹਿਲੀ ਪਸੰਦ ਬਣ ਗਿਆ। ਇਹਦੀ 'ਆਦਿਕਾ' ਮੇਰੇ ਝੋਲੇ ਵਿੱਚ ਰਹਿਣ ਲੱਗੀ। ਇਹਦੇ ਮੂਡ-ਸਕੇਪ ਮੈਨੂੰ ਆਪਣੇ ਵੱਲ ਖਿਚਦੇ। ਇਹ ਦੁਨੀਆ ਮੈਨੂੰ ਚੰਗੀ ਲਗਦੀ, ਇਹਦੇ ਵਿੱਚ ਸਤੀ ਕੁਮਾਰ, ਦੇਵ, ਅੰਬਰੀਸ਼, ਅਮਰਜੀਤ ਚੰਦਨ, ਸਵੀ ਤੇ ਕੌਂਕੇ ਰਲ਼ ਗਏ।ਸਵੇਰੇ ਸ਼ਾਮ ਰਾਮ ਸਿੰਘ ਚਾਹਲ ਨੂੰ ਮਿਲਦਿਆਂ ਅਨੇਕਾਂ ਭਾਰਤੀ ਤੇ ਵਿਦੇਸ਼ੀ ਕਵੀਆਂ ਦੀ ਕਵਿਤਾ ਨੂੰ ਮਿਲਿਆ। ਪਾਬਲੋ ਨੇਰੂਦਾ, ਬ੍ਰੈਖਤ, ਮਾਰੀਨਾ ਤਸਵੇਤੇਵਾ, ਮਾਇਕੋਵਸਕੀ ਤੇ ਹੋਰ ਅਨੇਕਾਂ ਕਵੀਆਂ ਨਾਲ਼ ਮੈਂ ਤੁਰਨ ਲੱਗਿਆ। 

ਮੇਰੀ ਬਦਲੀ ਬਲਦੇਵ ਸਿੰਘ ਸਿੱਧੂ ਦੇ ਸਕੂਲ ਵਿੱਚ ਹੋ ਗਈ। ਦੋ ਕੁ ਮਹੀਨਿਆਂ ਵਿੱਚ ਉਹ ਦੇਵਨੀਤ ਬਣ ਗਿਆ  ਤੇ ਅਸੀਂ  ਇੱਕ ਦੂਜੇ ਦੇ ਨੇੜੇ ਹੋ ਗਏ, ਸਭ ਨੂੰ ਟਿੱਚ ਸਮਝਣ ਲੱਗੇ। ਸਾਨੂੰ ਲਗਦਾ ਸੀ ਕਿ ਅਸੀਂ ਹੀ ਸਭ ਤੋਂ ਵੱਧ ਪੜ੍ਹਦੇ ਹਾਂ ਤੇ ਸਭ ਤੋਂ ਵੱਖਰਾ ਲਿਖਦੇ ਹਾਂ। ਇਹ ਵਿਸ਼ਵਾਸ਼ ਉਪਰੋਕਤ ਕਵੀਆਂ ਨੂੰ ਪੜ੍ਹਦਿਆਂ ਬਣਿਆ ਸੀ। ਇਹ ਤੇਰਾਂ ਸਾਲ ਮੇਰੇ ਸਿੱਖਣ ਸਮਝਣ ਦੀ ਵੱਡੀ ਵਰਕਸ਼ਾਪ ਸੀ। ਇਸ ਵਰਕਸ਼ਾਪ ਵਿੱਚ ਹੀ ਇਹ ਪਹਿਲੀ ਕਿਤਾਬ ਹੋਂਦ ਵਿੱਚ ਆਈ ਸੀ।

ਆਪਣੇ ਸੁਭਾਅ ਮੁਤਾਬਿਕ ਸਭ ਤੋਂ ਪਹਿਲਾਂ ਮੈਂ  ਕਿਤਾਬ ਦਾ ਨਾਂ ਦੇਖਦਾ ਹਾਂ - 'ਸ਼ਬਦਾਂ ਦੀ ਮਰਜ਼ੀ'। ਇਸੇ ਨਾਂ ਦੀ ਕਵਿਤਾ ਵੀ ਇਸ ਕਿਤਾਬ ਵਿੱਚ ਦਰਜ ਹੈ। ਕਿਤਾਬ ਦਾ ਇਹ ਨਾਂ ਮੇਰੀ ਪਤਨੀ ਨੇ ਸੁਝਾਇਆ ਸੀ। ਓਨਾ ਵੇਲਿਆਂ ਤੋਂ ਹੀ ਮੈਨੂੰ ਇਹ ਸੁਆਲ ਕੀਤਾ ਜਾਂਦਾ ਹੈ, " ਸ਼ਬਦਾਂ ਦੀ ਮਰਜ਼ੀ ਕੀ ਹੋਈ ? ਮਰਜ਼ੀ ਤਾਂ ਬੰਦੇ ਦੀ ਹੁੰਦੀ ਐ !" ਮੈਂ ਕਿਸੇ ਵੀ ਤਰੀਕੇ ਨਾਲ਼ ਇਹ ਗੱਲ ਨਾ ਉਦੋਂ ਸਮਝਾ ਸਕਦਾ ਸੀ ਨਾ ਹੁਣ ਸਮਝਾ ਸਕਦਾ ਹਾਂ। ਤੇ ਇਹੋ ਗੱਲ ਮੈਨੂੰ ਇਹ ਸਮਝਾਉਂਦੀ ਹੈ ਕਿ ਸੱਚਮੁੱਚ ਹੀ ਮਰਜ਼ੀ ਬੰਦੇ ਦੀ ਨਹੀਂ, ਸ਼ਬਦਾਂ ਦੀ ਹੀ ਹੁੰਦੀ ਹੈ। ਜੇ ਮਰਜ਼ੀ ਬੰਦੇ ਦੀ ਹੁੰਦੀ ਤਾਂ ਇਹ ਗੱਲ  ਮੈਂ ਕਦੋਂ ਦਾ ਸਮਝਾ ਦਿੰਦਾ। ਦਰਅਸਲ ਕੋਈ ਕਿਸੇ ਨੂੰ ਕੁਝ ਸਮਝਾ ਹੀ ਨਹੀਂ ਸਕਦਾ। ਕਵਿਤਾ ਤਾਂ ਆਪਣੇ ਆਪ ਸਮਝ ਆਉਂਦੀ ਹੈ, ਸਮਝੇ ਜਾਣ ਤੋਂ ਵੀ ਪਹਿਲਾਂ। 

ਕਿਤਾਬ ਖੋਲ੍ਹਦਾ ਹਾਂ। ਡਾ. ਸੁਤਿੰਦਰ ਸਿੰਘ ਨੂਰ ਹੁਰਾਂ ਦੀ ਭੂਮਿਕਾ ਸਾਹਮਣੇ ਹੈ- ' ਸ਼ਬਦ ਅਰਥ ਦੇ ਬਦਲਦੇ ਸੰਦਰਭ ਅਤੇ ਗੁਰਪ੍ਰੀਤ ਦੀ ਕਵਿਤਾ'। ਭੂਮਿਕਾ ਮੈਂ ਨਹੀਂ  ਪੜ੍ਹਦਾ। ਕਿਸੇ ਵੀ ਕਿਤਾਬ ਦੀ ਨਹੀਂ ਪੜ੍ਹਦਾ। ਫਿਰ ਆਪਣੀ ਕਿਤਾਬ ਦੀ ਕਿਉਂ ਪੜ੍ਹਾਂ ? ਭੂਮਿਕਾਵਾਂ ਪਾਠਕ ਨੂੰ ਬੋਰ ਕਰਦੀਆਂ ਨੇ। ਮੈਨੂੰ ਤਾਂ ਜ਼ਰੂਰ ਕਰਦੀਆਂ ਨੇ। ਫਿਰ ਮੈਂ ਇਹ ਭੂਮਿਕਾ ਲਿਖਵਾਈ ਕਿਉਂ ? ਕੀ ਮੈਨੂੰ ਆਪਣੀ ਕਵਿਤਾ 'ਤੇ ਵਿਸ਼ਵਾਸ਼ ਨਹੀਂ ਸੀ ? ਇਹ ਗੱਲ ਨਹੀਂ, ਵਿਸ਼ਵਾਸ਼ ਤਾਂ ਸਗੋਂ ਵਿਸ਼ਵਾਸ਼ ਨਾਲੋਂ ਵੀ ਵੱਧ ਸੀ। ਸ਼ਾਇਦ ਉਸ ਵੇਲੇ ਸਮਕਾਲੀ ਕਵੀਆਂ ਦੀਆਂ ਕਵਿਤਾਵਾਂ ਦੀਆਂ ਭੂਮਿਕਾਵਾਂ ਹੁੰਦੀਆਂ ਸਨ। ਮੈਨੂੰ ਤੇ ਦੇਵਨੀਤ ਨੂੰ ਇਹ ਲੱਗਿਆ ਹੋਵੇਗਾ ਕਿ ਇਹ ਕੋਈ ਜ਼ਰੂਰੀ ਚੀਜ਼ ਹੈ।

ਹੁਣ ਇਸ ਭੂਮਿਕਾ ਦੀ ਕਹਾਣੀ ਵੀ ਸੁਣ ਲਓ। ਖਰੜ੍ਹਾ ਡਾਕ ਰਾਹੀਂ ਦਿੱਲੀ ਭੇਜ ਦਿੱਤਾ। ਕੁਝ ਦਿਨਾਂ ਬਾਅਦ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਫਲਾਣੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਇੱਕ ਸੈਮੀਨਾਰ ਵਿੱਚ ਆ ਰਹੇ ਨੇ ਤੇ ਭੁਮਿਕਾ ਉਥੋਂ ਲੈ ਲੈਣਾ। ਉਸ ਦਿਨ ਮੈਨੂੰ ਕੋਈ ਜ਼ਰੂਰੀ ਕੰਮ ਸੀ। ਭੂਮਿਕਾ ਲੈਣ ਦੇਵਨੀਤ ਗਿਆ। ਗੈਸਟ-ਹਾਉਸ ਵਿੱਚ ਨਹਾਉਂਦਿਆਂ, ਕੱਪੜੇ ਪਾਉਂਦਿਆਂ, ਪੱਗ ਬੰਨ੍ਹਦਿਆਂ ਡਾ. ਨੂਰ ਹੁਰਾਂ ਨੇ ਇਹ ਭੂਮਿਕਾ ਦੇਵਨੀਤ ਨੂੰ ਬੋਲ ਬੋਲ ਕੇ ਲਿਖਵਾਈ। ਡਾ. ਨੂਰ ਦੇ ਕੰਮ ਕਰਨ ਦਾ ਇੱਕ ਤਰੀਕਾ ਇਹ ਵੀ ਸੀ ਜੋ 'ਸ਼ਬਦਾਂ ਦੀ ਮਰਜ਼ੀ' ਨਾਲ਼ ਵੀ ਜੁੜ ਗਿਆ। ਪਰ ਇਸ ਭੂਮਿਕਾ ਦੇ ਬਹਾਨੇ ਇਸ ਕਿਤਾਬ ਨੂੰ ਪੜ੍ਹਿਆ ਗਿਆ। ਨੂਰ ਹੁਰੀਂਂ ਵੱਡੇ ਆਲੋਚਕ ਹੋਏ ਹਨ, ਇਹਨਾਂ ਦਾ ਕਿਹਾ ਮਾਅਨੇ ਰੱਖਦਾ ਸੀ। ਭਾਵੇਂ ਇਹਨਾਂ ਦੇ ਹੀ ਲਫਜ਼ਾਂ ਵਿੱਚ ਅੱਗੇ ਤਾਂ ਰਚਨਾ ਨੇ ਹੀ ਜਾਣਾ ਹੁੰਦਾ ਹੈ। ਜੇ ਦਮ ਹੋਵੇ ਤਾਂ ਉਹ ਅੱਗੇ ਵਧਦੀ ਹੈ ਨਹੀਂ ਫਿਰ ਰਹਿ ਜਾਂਦੀ ਹੈ।  

ਕਿਸੇ ਵੱਖਰੇ ਨਾਵਾਂ ਤੋਂ ਬਿਨਾਂ ਕਿਤਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ।ਹਰ ਭਾਗ ਦੇ ਆਰੰਭ ਵਿੱਚ ਇੱਕ ਰੇਖਾਂਕਨ ਹੈ ਜੋ ਮੈਂ ਹੀ ਬਣਾਏ ਸਨ।  ਬਚਪਨ ਵਿਚ ਮੈਂ ਪੇਂਟਿੰਗ ਕਰਦਾ ਰਿਹਾ ਹਾਂ, ਜੋ ਬਾਅਦ ਵਿੱਚ ਕਵਿਤਾ ਵਿੱਚ ਵਟ ਗਈ। 

ਪਰ ਮੈਂ ਦੇਖਦਾ ਹਾਂ ਕਿ ਹਰ ਕਵਿਤਾ ਇੱਕ ਚਿੱਤਰ ਹੀ ਬਣਾਉਂਦੀ ਹੈ। ਤੇ ਇਹ  ਮੇਰੇ ਆਲੇ-ਦੁਆਲੇ ਨੂੰ ਇੱਕ ਚਿਤਰਕਾਰ ( ਜੋ ਮੈਂ ਨਹੀਂ ਹਾਂ)  ਦੀ ਨਿਗ੍ਹਾ ਤੋਂ ਦੇਖਣ ਕਰਕੇ ਹੀ ਹੈ। ਆਲੇ-ਦੁਆਲੇ ਦੀਆਂ ਛੋਟੀਆਂ ਵੱਡੀਆਂ ਚੀਜ਼ਾਂ/ਗੱਲਾਂ/ਅਹਿਸਾਸ ਹੀ ਤੁਹਾਨੂੰ ਲਿਖਣ ਲਈ ਪ੍ਰੇਰਿਤ ਕਰਦੇ ਹਨ ਤੇ ਤੁਸੀਂ ਆਪਣੇ ਅਨੁਭਵ 'ਚੋਂ ਹੀ ਆਪਣੇ ਆਪ ਨੂੰ ਪ੍ਰਗਟਾ ਸਕਦੇ ਹੋ। ਸੋ ਕਵਿਤਾ ਮੇਰੇ ਲਈ ਚੁੱਪ ਦੀ ਉਹ ਅਵਾਜ਼ ਹੈ ਜਿੱਥੇ ਸ਼ਬਦ ਟਿਕਦਾ ਹੈ ਤੇ ਇਸੇ ਸ਼ਬਦ ਦੀ ਮਰਜ਼ੀ ਸਾਨੂੰ ਅਨੇਕਾਂ ਰੂਪਾਂ ਵਿੱਚ ਪ੍ਰਗਟ ਕਰਦੀ ਹੈ।ਕਦੇ ਕੁਦਰਤ ਸਾਡੇ ਮੋਢੇ 'ਤੇ ਹੱਥ ਰੱਖਦੀ ਹੈ, ਕਦੇ ਅਸੀਂ ਉਹਦੀ ਬੁੱਕਲ ਵਿੱਚ ਬੈਠੇ ਹੁੰਦੇ ਹਾਂ।  

ਦੂਜੇ ਹਿੱਸੇ ਵਿੱਚ 'ਅਵਾਜ਼ਾਂ'  ਨਾਂ ਦੀਆਂ ਵੱਖ-ਵੱਖ ਅੱਠ ਕਵਿਤਾਵਾਂ ਨੇ। ਅਵਾਜ਼ਾਂ ਬਿਨ ਸ਼ਬਦਾਂ ਦਾ ਕੋਈ ਅਰਥ ਨਹੀਂ। ਦਰਅਸਲ ਅਵਾਜ਼ ਹੀ ਸ਼ਬਦ ਹੈ ਜਿਸ ਰਾਹੀਂ ਅਸੀਂ ਕੁਲ ਕਾਇਨਾਤ ਨਾਲ ਜੁੜਦੇ ਹਾਂ। ਇਸੇ ਭਾਗ ਵਿੱਚ ਕਵਿਤਾ ਹੈ ' ਨਾ ਪੜ੍ਹੀਂ ਇਹ ਕਵਿਤਾ'। ਇਸ ਕਵਿਤਾ ਨੂੰ ਆਧਾਰ ਬਣਾ ਕੇ ਹੀ ਅਮਰਜੀਤ ਸਿੰਘ ਗਰੇਵਾਲ ਹੁਰਾਂ ਨੇ ਆਰਟੀਕਲ ਲਿਿਖਆ ' ਮੁਹੱਬਤ ਦੀ ਰਾਜਨੀਤੀ '। ਆਰਟੀਕਲ ਪੜ੍ਹਦਿਆਂ ਮੈਨੂੰ ਇਸ ਕਵਿਤਾ ਦੀ ਇਹ ਨਵੀਂ ਪਰਤ ਸਮਝ ਆਈ ਸੀ। ਮੈਂ ਇਹ ਕਵਿਤਾ ਇਹ ਗੱਲ ਸੋਚ ਕੇ ਥੋੜ੍ਹਾ ਲਿਖੀ ਸੀ। ਕਵਿਤਾ ਤਾਂ ਸਹਿਜ ਸੁਭਾਅ ਕਵੀ ਕੋਲ਼ ਆਉਂਦੀ ਹੈ ਤੇ ਕਵੀ ਕਵਿਤਾ ਕੋਲ਼। ਇਸੇ ਸਫਰ ਵਿੱਚ ਹੀ ਪਾਠਕ ਰਲ਼ ਜਾਂਦਾ ਹੈ ਤੇ ਆਪਣੇ ਅਰਥ ਗ੍ਰਹਿਣ ਕਰਦੀ ਹੈ। ਇਹ ਵੱਖ-ਵੱਖ ਸਮਿਆਂ, ਸਥਿਤੀਆਂ ਤੇ ਪਾਠਕਾਂ ਨਾਲ਼ ਬਦਲਦੀ ਰਹਿੰਦੀ ਹੈ। ਇਹੋ ਕਵਿਤਾ ਦੀ ਖੂਬਸੂਰਤੀ ਹੁੰਦੀ ਹੈ।ਅੱਜ ਜਦੋਂ ਮੈਂ ਇਸ ਕਵਿਤਾ ਨੂੰ ਪੜ੍ਹਿਆ ਤਾਂ ਮੈਨੂੰ ਲੱਗਿਆ ਕਿ ਇਹ ਕਵਿਤਾ ਉਸ ਵਿਸ਼ਵਾਸ਼ ਦੇ ਅਹਿਸਾਸ ਦੀ ਕਵਿਤਾ ਹੈ ਜਿਸ ਦੀ ਧਰਤੀ 'ਤੇ ਅਸੀਂ ਸਭ ਰਹਿੰਦੇ ਹਾਂ।

ਤੀਜੇ ਭਾਗ ਵਿਚਲੀਆਂ ਕਵਿਤਾਵਾਂ 'ਚ ਕੁਝ ਪਾਤਰ ਨੇ - ਪਤਨੀ, ਪੁੱਤ ਤੇ ਪਿਤਾ। ਦੇਵਨੀਤ ਤੇ ਹਰਨਾਮ- ਇਹ ਦੋਹੇਂ ਗਦ ਕਵਿਤਾਵਾਂ ਨੇ। ਸ਼ਾਇਦ ਸ਼ੁਰੂ ਤੋਂ ਹੀ ਕੁਝ ਵੱਖਰਾ ਸੋਚਣਾ, ਕਰਨਾ ਮੇਰੇ ਸੁਭਾਉ ਦਾ ਹਿੱਸਾ ਸੀ। ਅੱਜ ਮੈਨੂੰ ਇਹ ਵੀ ਲੱਗਿਆ ਕਿ ਇਹ ਭਾਗ ਮੈਂ ਕੁਝ ਸੋਚ ਕੇ ਨਹੀਂ ਬਣਾਏ ਹੋਣੇ। ਸੱਚ ਪੁੱਛੋਂ ਤਾਂ ਇਹ ਇੱਕੋ ਕਵਿਤਾ ਹੈ ਜੋ ਵੱਖ-ਵੱਖ ਨਾਵਾਂ ਹੇਠ ਪੜ੍ਹੀ ਹੈ।

ਇਸ ਕਿਤਾਬ ਨੂੰ  ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1996 ਦਾ  ਪ੍ਰੋ. ਮੋਹਨ ਸਿੰਘ ਕਵਿਤਾ ਪੁਰਸਕਾਰ ਦਿੱਤਾ। ਇਹਦੀ ਕੋਈ ਫੋਟੋ ਮੈਂ ਸਾਂਭ ਨਹੀਂ ਸਕਿਆ। ਚਾਂਦੀ ਦਾ ਮੈਡਲ ਵੀ ਕਿਧਰੇ ਇੱਧਰ-ਉੱਧਰ ਹੋ ਗਿਆ। ਪੰਜ ਹਜ਼ਾਰ ਦੀ ਰਾਸ਼ੀ ਖੱਡਾਂ ਵਿੱਚ ਵੜ੍ਹ ਗਈ। 

ਹੁਣ ਜਦੋਂ ਆਥਣ ਦਾ ਸੂਰਜ ਦੁਮੇਲ ਨਾਂ ਦੇ ਵੱਡੇ ਗਲਾਸ ਵਿੱਚ ਡੁੱਬ ਰਿਹਾ ਹੈ ਤਾਂ ਮੈਨੂੰ ਇਸ ਸਨਮਾਨ ਨਾਲ਼ ਜੁੜੀਆਂ ਦੋ ਤਿੰਨ ਯਾਦਾਂ ਤੁਹਾਨੂੰ ਦੱਸਣ ਨੂੰ ਜੀ ਕਰ ਆਇਆ ਹੈ- ਇਸ ਪੁਰਸਕਾਰ ਦੀ ਸੂਚਨਾ ਤਾਰ ਰਾਹੀਂ ਆਈ। ਉਦੋਂ ਡਾਕੀਆ ਮੈਨੂੰ ਕਦੋਂ ਜਾਣਦਾ ਸੀ। ਉਹਨਾਂ ਨੇ ਅੰਦਾਜ਼ੇ ਨਾਲ਼ ਇਹ ਤਾਰ ਪ੍ਰੋ. ਅਜਮੇਰ ਸਿੰਘ ਔਲਖ ਹੁਰਾਂ ਦੇ ਘਰ ਫੜ੍ਹਾ ਦਿੱਤੀ। ਉਹਨਾਂ ਨੇ ਆਪਣੇ ਕਿਸੇ ਕਲਾਕਾਰ ਰਾਹੀਂ ਇਹ ਤਾਰ ਭੇਜਦਿਆਂ ਨਾਲ਼ ਛੋਟਾ ਜਿਹਾ ਰੁੱਕਾ ਭੇਜਿਆ ਸੀ ਜਿਸ 'ਤੇ ਉਹਨਾਂ ਨੇ ਲਿਖਿਆ , " ਆਪਣੇ ਗੁਰਪ੍ਰੀਤ ਨੂੰ ਇਹ ਪੁਰਸਕਾਰ ਮਿਲਨ ਦੀ ਮੈਨੂੰ ਖੁਸ਼ੀ ਹੈ।" 

ਦੂਜੀ ਜਦੋਂ ਮੈਂ ਇਹ ਪੁਰਸਕਾਰ ਲੈਣ ਗਿਆ ਤਾਂ ਦੇਵਨੀਤ ਮੇਰੇ ਨਾਲ਼ ਸੀ। ਰਾਤ ਨੂੰ ਗੈਸਟ ਹਾਊਸ ਦੇ ਮੋਟੇ ਤੇ ਗੁਦਗੁਦੇ ਗਦੈਲਿਆਂ 'ਤੇ ਪੈਂਦਿਆਂ ਉਹਨੇ ਕਿਹਾ, " ਤਖਾਣਾਂ , ਤੂੰ ਲੱਕੀ ਐਂ ... ਤੇਰੀ ਕਵਿਤਾ ਨੇ ਆਪਾਂ ਨੂੰ ਇੰਨੀ ਸੋਹਣੀ ਰਾਤ ਦਿੱਤੀ ਹੈ।"

ਤੀਜੀ ਗੱਲ ਜੋ ਸਾਲ ਬਾਅਦ ਰਾਮ ਸਰੂਪ ਅਣਖੀ ਹੁਰਾਂ ਨੇ ਦੱਸੀ , " ਗੁਰਪ੍ਰੀਤ , ਯੂਨੀਵਰਸਿਟੀ ਵਾਲ਼ੇ ਕਿਤਾਬਾਂ ਦੀਆਂ ਜਿਲਦਾਂ ਤੇ ਕਵੀ ਦਾ ਨਾਂ ਮਿਟਾ ਕੇ ਭੇਜਦੇ ਨੇ ... ਪਰ ਤੇਰੀਆਂ ਕਵਿਤਾਵਾਂ ਪੜ੍ਹਦਿਆਂ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਤੇਰੀਆਂ ਨੇ, ਮੈਂ ਪੱਕਾ ਕਰਨ ਲਈ ਕਰਾਂਤੀ ਨੂੰ ਪੁੱਛਿਆ ਕਿ ਦੇਖ ਇਹ ਕਵਿਤਾਵਾਂ ਆਪਣੇ ਗੁਰਪ੍ਰੀਤ ਦੀਆਂ ਨੇ ? ਉਹਨੇ ਕਿਹਾ ਹਾਂ, ਤਾਂ ਮੈਂ ਤੇਰੀ ਕਿਤਾਬ ਦੇ ਸਭ ਤੋਂ ਵੱਧ ਨੰਬਰ ਲਾਏ।" 

ਜਿਵੇਂ ਕਵਿਤਾ ਮਨੁੱਖ ਦੀ ਧਿਰ ਬਣਦੀ ਹੈ, ਉਵੇਂ ਕਵਿਤਾ ਕਰਕੇ ਵੀ ਕਈ ਧਿਰਾਂ ਬਣਦੀਆਂ ਨੇ ਜਿਹੜੀਆਂ ਬੰਦੇ ਨੂੰ ਜਿਉਣ ਜੋਗਾ ਬਣਾ ਦਿੰਦੀਆਂ ਨੇ।'ਆਪਣੇ ਗੁਰਪ੍ਰੀਤ' ਵਾਲਾ ਸਨਮਾਨ ਮੇਰੇ ਲਈ ਬਹੁਤ ਵੱਡਾ ਹੈ।

ਸੋ ਤੁਹਾਡੇ ਗੁਰਪ੍ਰੀਤ ਦੀ  ਪਹਿਲੀ ਕਾਵਿ ਕਿਤਾਬ ਦੀ ਇੰਨੀ ਕ ਬਾਤ ਸੀ। ਮੈਨੂੰ ਲਗਦਾ ਸੀ ਅੱਜ ਮੈਂ ਇਹਦੀਆਂ ਕਵਿਤਾਵਾਂ 'ਤੇ ਕਾਂਟਾ ਮਾਰ ਦੇਵਾਂਗਾ। ਮੈਂ ਇਹਦਾ ਕਵੀ ਹੋਣ ਤੋਂ ਜੁਆਬ ਦੇ ਦੇਵਾਂਗਾ। ਪਰ ਅੱਜ ਜਦੋਂ ਮੈਂ ਇਹ ਕਵਿਤਾਵਾਂ ਪੜ੍ਹ ਕੇ ਹਟਿਆ ਹਾਂ ਤਾਂ ਮੈਂ ਹੈਰਾਨ ਹਾਂ ਤੇ ਆਪਣੇ ਆਪ ਤੋਂ ਪੁੱਛਦਾ ਹਾਂ - ਕੀ ਸੱਚਮੁਚ ਮੈਂ ਇਸ ਕਿਤਾਬ ਦਾ ਲੇਖਕ ਹਾਂ ? 

                                                                                                                                    ਗੁਰਪ੍ਰੀਤ 





ਮੁਹੱਬਤ ਦੀ ਰਾਜਨੀਤੀ 


ਗੁਰਪ੍ਰੀਤ ਦੀ ਕਾਵਿ ਪੁਸਤਕ ਸ਼ਬਦਾਂ ਦੀ ਮਰਜ਼ੀ (1996) ਪੜ੍ਹਕੇ ਇਹ ਗੱਲ ਦ੍ਰਿੜ ਹੋ ਜਾਂਦੀ ਹੈ ਕਵਿਤਾ ਵਿੱਚ ਬਹੁਤ ਕੁਝ ਅਜੇਹਾ ਵੀ ਹੁੰਦਾ ਹੈ ਜੋ ਅਰਥਾਂ ਦੀਆ ਸੀਮਾਵਾਂ ਨੂੰ ਪਾਰ ਕਰਕੇ ਸ਼ਿੱਦਤ ਅਤੇ ਭਾਵਨਾ ਦੇ ਖੇਤਰ ਵਿੱਚ ਵਹਿਣ ਲੱਗਦਾ ਹੈ ਗੁਰਪ੍ਰੀਤ ਦੀ ਕਵਿਤਾ ਅਰਥਾਂ ਦੀਆ ਹੱਦਾ ਕਿਉਂ ਅਤੇ ਕਿਵੇਂ ਪਾਰ ਕਰਦੀ ਹੈ। ਅਤੇ ਅਜੇਹਾ ਕਰਦੇ ਸਮੇਂ ਪੰਜਾਬੀ ਸਮਾਜ ਅੰਦਰ ਉਹ ਕਿਹੜਾ ਸੰਸਕ੍ਰਿਤਕ ਰਾਜਨੀਤਿਕ ਰੋਲ ਅਦਾ ਕਰਦੀ ਹੈ, ਇਹ ਦੇਖਣਾ ਇਸ ਲੇਖ ਦਾ ਪ੍ਰਮੁੱਖ ਪ੍ਰਯੋਜਨ ਹੈ ਅਰਥਾਂ ਨੂੰ ਟੱਪਣ ਦਾ ਅਰਥ ਹੈ ਸਿਧਾਂਤਕ ਸੀਮਾਵਾਂ ਨੂੰ ਟੱਪਣਾ। ਗੁਰਪ੍ਰੀਤ ਦੀ ਕਵਿਤਾ ਸਿਧਾਂਤਕ ਸੀਮਾਵਾਂ ਨੂੰ ਕੇਵਲ ਟੱਪਦੀ ਹੀ ਨਹੀਂ, ਸਗੋਂ ਇਸ ਨੂੰ ਉਲਟਾ ਕੇ ਨਵੀਂ ਕਾਵਿ-ਉਤਪਾਦਨ ਪ੍ਰਣਾਲੀ ਦੇ ਨਿਰਮਾਣ ਰਾਹੀਂ ਇਕ ਸੱਜਰੇ ਕਾਵਿ ਸ਼ਾਸਤਰ ਦਾ ਨਿਰਮਾਣ ਵੀ ਕਰਦੀ ਹੈ।


ਇਸ ਗੱਲ ਨੂੰ ਸਮਝਣ ਲਈ ਉਸਦੀ ਕਵਿਤਾ ਨਾ ਪੜ੍ਹੀ ਇਹ ਕਵਿਤਾ ਤੇ ਫਲ ਸ਼ੁਰੂ ਕਰਨੀ ਪਵੇਗੀ। ਇਹ ਕਵਿਤਾ ਪੜ੍ਹ ਕੇ ਸਮਝ ਆਉਂਦੀ ਹੈ ਕਿ ਕਿਵੇਂ ਅੱਜ ਦੇ ਮਨੁੱਖ ਨੂੰ ਅਤੇ ਉਸਦੇ ਆਪੇ ਨੂੰ ਪੂੰਜੀਵਾਦ ਨੇ ਆਪਣਾ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਕਿਵੇਂ ਰੋਜ਼ਾਨਾ ਜ਼ਿੰਦਗੀ ਅਤੇ ਉਸ ਨੂੰ ਨਿਯੰਤ੍ਰਿਤ ਕਰਨ ਵਾਲੀਆਂ ਸੰਸਥਾਵਾਂ ਜਿਵੇਂ ਕਿ ਸ਼ਾਦੀ, ਪਰਿਵਾਰ, ਘਰ ਗ੍ਰਹਿਸਥੀ ਆਦਿ ਪੂੰਜੀਵਾਦੀ ਸੋਚ ਅਤੇ ਆਧੁਨਿਕ ਜੀਵਨ ਜਾਚ ਦਾ ਪੁਨਰ ਉਤਪਾਦਨ ਕਰਦੀਆਂ ਹਨ। ਇਸ ਤੋਂ ਵੀ ਵੱਧ ਕਿ ਇਹ ਸਿਧਾਂਤਕ ਪ੍ਰਵਚਨ ਆਪਣੀਆਂ ਇਹਨਾਂ ਆਧੁਨਿਕ ਸੰਸਥਾਵਾਂ ਰਾਹੀਂ ਮੁਹੱਬਤ ਦੀ ਤੀਖਣਤਾ ਅਤੇ ਉਸ ਦੇ ਵਹਾਅ ਨੂੰ ਕਿੰਝ ਅਚੱਲ, ਬੇਹਰਕਤ ਅਤੇ ਸ਼ਕਤੀਹੀਣ ਕਰ ਦਿੰਦੇ ਹਨ :


ਤੇਰੀ ਯਾਦ

ਨਹੀਂ ਆਈ ਮੈਨੂੰ

ਉਸੇ ਤਰ੍ਹਾਂ

ਗੁਜ਼ਰ ਗਿਆ ਪੂਰਾ ਦਿਨ


ਰਾਤੀਂ

ਸੌਣ ਤੋਂ ਪਹਿਲਾਂ

ਕਮਰੇ ਦੀਆਂ ਬਾਰੀਆਂ ਖੋਲ੍ਹਣ ਵੇਲੇ

ਯਾਦ ਕੀਤਾ ਮੈਂ ਤੈਨੂੰ

ਸਾਂਭ ਲਏ ਉਹ ਸਾਰੇ ਬੋਲ

ਬੋਲਦਾ ਸਾਂ ਰੋਜ਼ ਜੋ ਏਸ ਵੇਲੇ

ਪਹਿਲਾਂ ਹੀ ਮਿਥੇ ਜਾਣੇ ਪਛਾਣੇ


ਸੁਫਨੇ ਚ ਤੂੰ ਨਹੀਂ,

ਉਹ ਤਾਂ

ਠੰਢ ਤੋਂ ਬਚਣ ਲਈ

ਕੰਬਲ ਲੈਂਦਿਆ

ਯਾਦ ਕੀਤਾ ਤੈਨੂੰ

ਹੈਰਾਨ ਹੋਇਆ ਮੈਂ


ਧੁੱਪ ਦੀ ਦਸਤਕ 'ਤੇ ਜਾਗਿਆ

ਮੇਰੇ ਸਰ੍ਹਾਣੇ ਨਹੀਂ ਸੀ

ਅੱਜ ਦਾ ਅਖਬਾਰ


ਹਾਕ ਮਾਰਨ ਲੱਗਿਆ

ਯਾਦ ਕੀਤਾ ਤੈਨੂੰ

ਨਹਾਉਂਦਾ ਗੁਣ-ਗੁਣਾਉਂਦਾ ਰਿਹਾ

ਰੋਜ਼ ਵਾਲਾ ਉਹੋ ਹੀ ਗੀਤ

ਪਿੰਡਾ ਪੂੰਝਣ ਵੇਲੇ ਨਹੀਂ ਮਿਲਿਆ

ਖੂੰਟੀਆਂ 'ਤੇ ਤੋਲੀਆ


ਘਰ ਸਿਰ 'ਤੇ ਚੁੱਕਣ ਲੱਗਿਆ

ਯਾਦ ਕੀਤਾ ਤੈਨੂੰ

ਤੂੰ ਆਏਂਗੀ ਅੱਜ ਜਾਂ ਕੱਲ

ਨਾ ਪੜ੍ਹੀ ਇਹ ਕਵਿਤਾ


ਜੇ ਪੜ੍ਹ ਲਈ ਜ਼ਿੱਦ ਕਰਕੇ

ਮੈਂ ਮੁਕਰ ਜਾਣਾ ਹੈ

ਝਾਕੇਂਗੀ ਮੇਰੇ ਵੱਲ

ਇਹ ਨਹੀਂ ਲਿਖੀ ਤੇਰੇ ਤੇ

ਤੂੰ ਕਿੰਨੇ ਵਿਸਵਾਸ ਨਾਲ

ਯਾਦ ਕੀਤਾ ਮੈਂ ਤੈਨੂੰ     (ਨਾ ਪੜ੍ਹੀ ਇਹ ਕਵਿਤਾ, ਪੰਨਾ 43-44)


ਰਾਤੀਂ ਸੌਣ ਵੇਲੇ ਕਮਰੇ ਦੀਆਂ ਬਾਰੀਆਂ ਖੋਲ੍ਹਣ ਸਮੇਂ, ਠੰਡ ਤੋਂ ਬਚਣ ਲਈ ਕੰਬਲ ਲੱਭਦਿਆਂ, ਸਵੇਰੇ ਜਾਗਣ ਵੇਲੇ ਸਰ੍ਹਾਣੇ ਅਖ਼ਬਾਰ ਨਾ ਦੇਖ ਕੇ ਹਾਕ ਮਾਰਨ ਲੱਗਿਆ ਅਤੇ ਨਹਾਉਣ ਸਮੇਂ ਖੂੰਟੀ ਤੇ ਤੋਲੀਆ ਨਾ ਦੇਖ ਕੇ ਹੀ ਉਹ ਆਪਣੀ ਪਤਨੀ ਨੂੰ ਯਾਦ ਕਰਦਾ ਹੈ। ਏਥੋਂ ਸਪਸ਼ਟ ਹੋ ਜਾਂਦਾ ਹੈ ਕਿ ਆਧੁਨਿਕ ਪਿਤਾ ਪ੍ਰਧਾਨ ਪਰਿਵਾਰ ਵਿਚੋਂ ਲੰਘਦਿਆ ਮੁਹੱਬਤ ਕਿਵੇਂ ਅੱਤਿਆਚਾਰੀ ਅਤੇ ਜਾਬਰ ਕਿਸਮ ਦੀਆਂ ਸਮਾਜਿਕ ਰੀਤਾਂ ਵਿਚ ਪਥਣਾ ਜਾਂਦੀ ਹੈ। ਜਾਬਰ ਕਿਸਮ ਦੀਆਂ ਸਮਾਜਿਕ, ਆਰਥਿਕ, ਰਾਜਨੀਤਿਕ, ਸੰਸਕ੍ਰਿਤਕ, ਨੈਤਿਕ ਅਤੇ ਵਿਵਸਾਇਕ ਸੰਸਥਾਵਾਂ/ਰੀਤਾਂ ਵਿਚ ਜਾਮ ਹੋ ਕੇ ਮੁਹੱਬਤ ਆਪਣੀ ਮਿੰਦਰ ਅਤੇ ਭਾਵੁਕਤਾ ਗੁਆ ਲੈਂਦੀ ਹੈ। ਇਸੇ ਲਈ ਇਸ ਕਵਿਤਾ ਵਿਚ ਉਹ ਸਾਰਾ ਦਿਨ ਉਸ ਨੂੰ ਯਾਦ ਨਹੀਂ ਕਰਦਾ। ਨਤੀਜੇ ਵਜੋਂ ਉਸਦੀ ਜੀਵਨ ਸ਼ਕਤੀ ਮੱਧਮ ਪੈ ਜਾਂਦੀ ਹੈ ਅਤੇ ਉਹ ਕੇਹਲੂ ਦੇ ਬੈਲ ਵਾਂਗ ਆਧੁਨਿਕਤਾਵਾਦ ਦੇ ਬਸਤੀਵਾਦੀ ਪ੍ਰਵਚਨਾਂ ਵਿਚ ਦਿਨ ਪ੍ਰਤੀ ਦਿਨ ਗਿੜਦਾ ਰਹਿੰਦਾ ਹੈ।


ਆਧੁਨਿਕਤਾ ਦੇ ਇਹ ਸਮਾਜਿਕ ਪ੍ਰਵਚਨ ਉਸਦੇ ਆਪੇ ਨੂੰ ਕਿੰਝ ਢਾਲਦੇ ਹਨ, ਇਸ ਨੂੰ ਉਸਦੀ ਕਵਿਤਾ ਸੁਖਨ ਦੇ ਬਹਾਨੇ' ਰਾਹੀਂ ਸਮਝਿਆ ਜਾ ਸਕਦਾ ਹੈ।


ਸੁਖਨ ਨਿਕਾ ਹੈ ਅਜੇ

ਝੂਠ ਬੇਲਾਂ ਜੇ ਮੈਂ

ਬਹਿਸਣ ਲੱਗੇਗਾ

ਦਲੀਲਾਂ ਉਹਨੂੰ

ਦੇਣੀਆਂ ਨੀ ਆਉਂਦੀਆ

ਝੂਠ ਦੇ ਖਿਲਾਫ਼ ਧਰਦਾ ਜਾਵੇਗਾ

ਰਟੇ-ਰਟਾਏ ਸਾਰੇ ਕਥਨ


ਸੁਖ਼ਨ ਨਿੱਕਾ ਹੈ ਅਜੇ

ਮੇਰੇ ਸਮਝਾਉਣ ਤੇ 

ਥੋੜ੍ਹਾ ਥੋੜ੍ਹਾ ਸਮਝਣ ਲੱਗਿਆ ਹੈ

ਘਰ ਦਾ

ਪਹਿਲਾ ਦੂਜਾ ਪਾਠ


ਟੌਫੀਆਂ ਜਿਹੇ

ਨਿੱਕੇ ਨਿੱਕੇ ਲਾਲਚਾਂ ਰਾਹੀਂ

ਝੂਠ ਉਹਦੇ

ਅੰਦਰ ਰਚਦਾ ਜਾ ਰਿਹੈ


ਸੋਚ ਉਦਾਸ ਹੋ ਜਾਂਦਾ ਹਾਂ

ਸਿਖਦਾ ਜਾ ਰਿਹੈ ਸੁਖ਼ਨ

ਅਹਿਸਤਾ ਅਹਿਸਤਾ

ਮੇਰੇ ਜਿਹਾ ਸਭ ਕੁਝ


ਆਧੁਨਿਕਤਾਵਾਦੀ ਪ੍ਰਵਚਨਾ ਦੇ ਪ੍ਰਭਾਵ ਅਧੀਨ ਜੀਵੀ ਜਾ ਰਹੀ ਇਹ ਜ਼ਿੰਦਗੀ ਜੇ ਪਿਉ ਪੁੱਤਰ ਦੇ ਰਿਸ਼ਤੇ ਦੀ ਸ਼ਿੱਦਤ ਨੂੰ ਵੀ ਮੰਡੀ ਨਾਲ ਜੋੜ ਦਿੰਦੀ ਹੈ, ਜੀਣ ਦੇ ਕਾਬਲ ਨਹੀਂ ਹੈ।


ਬਾਪੂ ਤਾਂ ਬਾਪੂ ਹੈ

ਕੋਈ ਅਦਾਕਾਰ ਨਹੀਂ

ਸਾਡੇ ਸਾਹਵੇਂ ਜ਼ਾਹਰ ਹੋ ਹੀ ਜਾਂਦੀ

ਇਹ ਗੱਲ

ਕਿ ਬਾਜ਼ਾਰ 'ਚ

ਘਟਦੀ ਜਾ ਰਹੀ ਹੈ

ਉਹਨਾਂ ਦੀ ਕੀਮਤ


ਬਾਪੂ ਨੂੰ ਚਿੰਤਾ

ਮਾਂ ਦੇ ਸੁਪਨਿਆਂ ਦੀ

ਸਾਡੇ ਚਾਵਾਂ ਦੀ

ਤੇ ਸਾਨੂੰ ਚਿੰਤਾ

ਬਾਪੂ ਦੀ

ਦਿਨੋ ਦਿਨ ਘਟਦੀ

ਕੀਮਤ ਦੀ (ਸਾਹਾਂ ਵਰਗਾ ਪੰਨਾ 56)


ਜਦੋਂ ਆਧੁਨਿਕਤਾਵਾਦੀ ਪ੍ਰਵਚਨਾ ਦੁਆਰਾ ਸਥਾਪਤ ਕੀਤੀ ਇਹ ਜ਼ਿੰਦਗੀ ਜੀਣ ਦੇ ਕਾਬਲ ਹੀ ਨਹੀਂ ਹੈ, ਤਾਂ ਫੇਰ ਮਸਲਾ ਇਕੋ ਰਹਿ ਜਾਂਦਾ ਹੈ। ਇਸ ਜ਼ਿੰਦਗੀ ਨੂੰ ਤਬਦੀਲ ਕਰਨ ਲਈ ਆਧੁਨਿਕਤਾਵਾਦੀ ਪ੍ਰਵਚਨਾਂ ਨੂੰ ਵਿਸਥਾਪਿਤ ਅਤੇ ਪੁਨਰ ਸਥਾਪਿਤ ਕਰਨ ਦਾ ਸ਼ਾਇਦ ਇਸੇ ਲਈ ਇਸ ਪੁਸਤਕ ਦੀਆਂ ਬਾਕੀ ਸਾਰੀਆਂ ਕਵਿਤਾਵਾਂ ਇਸੇ ਮਸਲੇ ਨਾਲ ਜੁੜੀਆਂ ਹੋਈਆਂ ਹਨ। ਗੁਰਪ੍ਰੀਤ ਵਿਸਥਾਪਨਾ ਅਤੇ ਪੁਨਰ ਸਥਾਪਨਾ ਦਾ ਇਹ ਕੰਮ ਕਿਵੇਂ ਕਰਦਾ ਹੈ, ਇਸੇ ਗੱਲ ਤੋਂ ਉਸਦੇ ਕਾਵਿ ਸ਼ਾਸਤਰ ਦੀ ਸਮਝ ਪੈਣੀ ਹੈ।


ਪਹਿਲੀ ਗੱਲ ਤਾਂ ਇਹ ਕਿ ਗੁਰਪ੍ਰੀਤ ਆਪਣੀ ਸਾਰੀ ਕਵਿਤਾ ਵਿਚ ਕਿਤੇ ਵੀ ਆਧੁਨਿਕਤਾਵਾਦ ਉਪਰ ਸਿੱਧਾ ਹਮਲਾ ਨਹੀਂ ਕਰਦਾ ਹਮਲਾ ਤਾਂ ਇਕ ਪਾਸੇ ਰਿਹਾ ਉਹ ਆਧੁਨਿਕਤਾਵਾਦੀ ਪ੍ਰਵਚਨਾਂ ਦੀ ਆਲੋਚਨਾ ਵੀ ਨਹੀਂ ਕਰਦਾ, ਨਾ ਹੀ ਵਿਰੋਧ ਵਿਕਾਸੀ ਇਤਿਹਾਸ ਰਾਹੀਂ ਇਸ ਨੂੰ ਖੰਡਿਤ ਕਰਦਾ ਹੈ। ਉਹ ਵਿਨਾਸਵਾਦੀ ਜਾਂ ਖੰਡਨਵਾਦੀ ਨਹੀਂ।


ਆਲੋਚਨਾ ਅਤੇ ਨਿਖੇਧ ਦੇ ਪ੍ਰਵਚਨਾਂ ਨੂੰ ਬੰਦ ਕਰਕੇ ਗੁਰਪ੍ਰੀਤ ਮੁਹੱਬਤ ਦੀ ਸਿਆਸਤ ਨਾਲ ਜੁੜੇ ਹੋਏ ਸਵੀਕਾਰਾਤਮਿਕ (ਦਾ ਵਾਚੀ) ਪ੍ਰਵਚਨਾਂ ਨੂੰ ਅਪਣਾਉਂਦਾ ਹੈ। ਇਹਨਾਂ ਪ੍ਰਵਚਨਾਂ ਰਾਹੀਂ ਹੀ ਉਹ ਆਧੁਨਿਕ ਤਰਕ ਅਤੇ ਸਿਧਾਂਤ ਦੀਆਂ ਦਾਰਸ਼ਨਿਕ ਵਿਉਂਤਵਿਧੀਆਂ ਨੂੰ ਅਪ੍ਰਾਸੰਗਿਕ ਅਤੇ ਤੁੱਛ ਬਣਾ ਦਿੰਦੀ ਹੈ। ਉਸਦੀ ਇਹ ਮੁਹੱਬਤ ਦੀ ਰਾਜਨੀਤੀ ਆਧੁਨਿਕਤਾਵਾਦੀ ਕਾਵਿ ਉਤਪਾਦਨ ਪ੍ਰਕਿਆ ਨੂੰ ਵਿਸਥਾਪਿਤ ਕਰਕੇ ਨਵੇਂ ਕਾਵਿ ਸ਼ਾਸਤਰ ਨੂੰ ਕਿਵੇਂ ਵਿਕਸਤ ਕਰਦੀ ਹੈ, ਇਹੋ ਹੀ ਦੇਖਣ ਵਾਲੀ ਗੱਲ ਹੈ।


ਆਧੁਨਿਕਤਾਵਾਦੀ ਸੋਚ ਆਪਣੇ ਕਾਵਿ ਪ੍ਰਵਚਨਾਂ ਰਾਹੀਂ ਸੱਚ, ਸੂਚਨਾ (ਗਿਆਨ ਜਾਂ ਸ਼ਕਤੀ) ਅਤੇ ਵਿਕਾਸ ਦੇ ਉਤਪਾਦਨ ਦਾ ਦਾਅਵਾ ਪੇਸ਼ ਕਰਦੀ ਹੈ ਅਜੇਹਾ ਕਰਨ ਲਈ ਸਮਾਜਿਕ ਵਿਕਾਸ ਅਤੇ ਮੁਕਤੀ ਦੇ ਇਤਿਹਾਸਕ ਬਿਰਤਾਂਤਾਂ ਪਦਾਰਥਕ ਜਾਂ ਆਤਮਿਕ ਇਤਿਹਾਸ ਦੇ ਵਿਰੋਧ ਵਿਕਾਸੀ ਬਿਰਤਾਂਤਾਂ ਅਗਿਆਨਤਾ ਤੋਂ ਮੁਕਤੀ ਦਵਾਉਣ ਵਾਲੇ ਸੱਚ ਦੇ ਤਰਕਸ਼ੀਲ ਬਿਰਤਾਂਤਾਂ ਅਤੇ ਸੱਚ ਦੇ ਗਿਆਨ ਨੂੰ ਸੰਗਠਿਤ ਰੂਪ ਵਿੱਚ ਪੇਸ਼ ਕਰਨ ਵਾਲੇ ਬੁਨਿਆਦਵਾਦੀ ਬਿਰਤਾਂਤਾਂ ਨੂੰ ਆਧਾਰ ਬਣਾਇਆ ਜਾਂਦਾ ਹੈ। ਇਹਨਾਂ ਵੱਖ ਵੱਖ ਬਿਰਤਾਂਤਾਂ ਦੇ ਰੂਪ ਵਿੱਚ ਸਿਧਾਂਤ ਸਿਰਜਣ ਦੀ ਪਰਵਿਰਤੀ ਰਾਹੀਂ ਆਧੁਨਿਕਤਾਵਾਦ ਸਮਾਜਿਕ ਅਮਲ ਨੂੰ ਕੰਟਰੋਲ ਕਰਦਾ ਹੈ। ਸਿਧਾਤ ਸਿਰਜਣ ਪ੍ਰਵਿਆ ਹੀ ਉਹ ਮੂਲ ਅਮਲ ਹੈ ਜਿਸ ਰਾਹੀਂ ਮੁਹੱਬਤ ਅਤੇ ਭਾਵਨਾ ਦੀ ਜੀਵਨ ਸ਼ਕਤੀ ਨੂੰ ਪਿਤਾ-ਪ੍ਰਧਾਨ ਪਰਿਵਾਰ ਵਰਗੀਆਂ ਸੰਸਥਾਵਾਂ ਵਿਚ ਜਾਮ ਕਰਕੇ ਆਧੁਨਿਕਤਾਵਾਦੀ ਚੇਤਨਾ ਸਮੁੱਚੇ ਪਸਾਰੇ ਨੂੰ ਜੜ੍ਹ ਬਣਾ ਦਿੰਦੀ ਹੈ ਇਸ ਲਈ ਆਧੁਨਿਕਤਾਵਾਦੀ ਚੇਤਨਾ ਨੂੰ ਵਿਸਥਾਪਿਤ ਕਰਨ ਲਈ ਕੇਵਲ ਸੱਚ,ਗਿਆਨ ਅਤੇ ਵਿਕਾਸ ਦੇ ਬਸਤੀਵਾਦੀ ਮਾਡਲਾ ਜਾ ਇਤਿਹਾਸਕ ਵਿਰੋਧ ਵਿਕਾਸੀ ਤਰਕਸ਼ੀਲ ਅਤੇ ਬੁਨਿਆਦਵਾਦੀ ਬਿਹਤਾਤਾ ਨੂੰ ਹੀ ਨਹੀਂ ਸਗੋਂ ਸਿਧਾਤ ਸਿਰਜਣ ਦੀ ਮੂਲ ਪ੍ਰਵਿਰਤੀ ਨੂੰ ਹੀ ਨਕਾਰਨ ਦੀ ਲੋੜ ਹੈ। ਇਹੀ ਕਾਰਨ ਹੈ ਕਿ ਗੁਰਪ੍ਰੀਤ ਆਪਣਾ ਨਵਾਂ ਕਾਵਿ ਸਾਸਤਰ ਉਸਾਰਨ ਲਈ ਸਭ ਤੋਂ ਪਹਿਲਾਂ ਸਿਧਾਤਕ ਪ੍ਰਵਚਨ ਨੂੰ ਵਿਸਥਾਪਿਤ ਕਰਦਾ ਹੈ ਸਿਧਾਂਤਕ ਪ੍ਰਵਚਨ ਤੋਂ ਪਾਰ ਜਾਣ ਲਈ ਸਬਦਾਂ ਦੀਆਂ ਸੀਮਾਵਾਂ ਨੂੰ ਟੱਪਣ ਦੀ ਲੋੜ ਹੁੰਦੀ ਹੈ।


ਜਾਣਿਆ

ਮੈਂ ਸ਼ਬਦਾਂ ਨੂੰ

ਮੇਰੀ ਪਛਾਣ ਦੇ

ਕਿੰਨੇ ਰੂਪ ਹੋਏ


ਲੁਕਵੀਆਂ ਥਾਵਾਂ ਤੇ

ਲੁਕ ਛਿਪ ਗਿਆ

ਬਹੁਤ ਕੁਝ ਮੇਰਾ

ਮੇਰੇ ਤੋਂ ਹੀ

ਸਾਫ਼ ਸਫਾਫ਼

ਸਭ ਦੇ ਸਾਹਮਣੇ

ਮੈਂ

ਸਬਦਾਂ ਦੇ ਬਾਹਰ     (ਸ਼ਬਦਾਂ ਤੋਂ ਬਾਹਰ ਪੰਨਾ 22)


ਸ਼ਬਦਾਂ ਅਤੇ ਸ਼ਬਦਾਂ ਰਾਹੀਂ ਸਿਰਜੇ ਬਿਰਤਾਂਤ ਨੂੰ ਟੱਪ ਕੇ ਕਵਿਤਾ ਪਾਠਕ ਨੂੰ ਉਹਨਾਂ ਵਾਦੀਆਂ ਵਿਚ ਲੈ ਜਾਂਦੀ ਹੈ, ਜਿਹੜੀਆਂ ਵਾਦੀਆਂ ਨੂੰ ਅਰਬਾ ਅਤੇ ਸਿਧਾਂਤਾਂ ਦੀਆਂ ਸੀਮਾਵਾਂ ਵਿਚ ਬੱਚੇ ਹੋਏ ਸ਼ਬਦ ਬਿਆਨ ਨਹੀਂ ਕਰ ਸਕਦੇ:


ਉਹ ਮੈਨੂੰ

ਭੀੜ ਦੇ ਗੁਆਚੇ ਹੋਏ ਨੂੰ

ਲੱਭ ਲੈਂਦੀ ਹੈ ਕਿਤੋਂ ਵੀ

ਚੁੱਪ-ਵਾਦੀਆਂ 'ਚ ਲੈ ਜਾਂਦੀ

ਮੈਨੂੰ ਫੁੱਲ ਆਖਦੀ


ਆਪ ਮਹਿਕ ਹੋ ਜਾਂਦੀ

ਉਹ ਮੇਰੇ ਲਈ ਛੱਡ ਜਾਂਦੀ ਕਿੰਨਾ ਕੁਝ 

ਅਣਕਿਹਾ     (ਜਸ਼ਨ ਲਈ ਸੱਦਾ, ਪੰਨਾ 15)


ਉਹ ਅਣਕਿਹਾ ਜਿਸਨੂੰ ਸ਼ਬਦਾਂ ਰਾਹੀਂ ਪਕੜਿਆ ਨਹੀਂ ਜਾ ਸਕਦਾ, ਹੀ ਉਹ ਵਕਫਾ ਹੈ ਜੋ ਮੇਰੀ ਤੇ ਮੇਰੇ ਸ਼ਬਦਾਂ ਦੀ ਮਰਜ਼ੀ ਵਿਚ ਬਣਿਆ ਰਹਿੰਦਾ ਹੈ। ਇਹ ਉਹ ਪੈਂਡਾ ਹੈ ਜੋ ਮੇਰੇ ਤੱਕ ਪਹੁੰਚਣ ਲਈ ਮੇਰੇ ਸ਼ਬਦ ਕਦੇ ਤਹਿ ਨਹੀਂ ਕਰ ਪਾਉਣਗੇ।


ਅਜੇ ਤੱਕ ਨਹੀਂ

ਮੇਰੀ

ਤੇ ਮੇਰੇ ਸ਼ਬਦਾਂ ਦੀ

ਇਕ ਮਰਜ਼ੀ


ਉਂਜ

ਇਹਨਾਂ ਬਿਨ

ਸਰਦਾ ਨਹੀਂ

ਇਕ ਪਲ ਵੀ   (ਸ਼ਬਦਾਂ ਦੀ ਮਰਜ਼ੀ, ਪੰਨਾ 29)


ਉਹ ਜੋ ਅਰਥਾਂ ਦੀ ਪਕੜ ਵਿਚ ਨਹੀਂ ਆਉਂਦਾ ਅਤੇ ਅਹਿਸਾਸਾਂ ਦੇ ਪਰਾਂ ਹੇਠ ਲੁਕਿਆ ਰਹਿ ਜਾਂਦਾ ਹੈ, ਉਸ ਲੁਕੀ ਹੋਈ ਅਤੇ ਨਾ ਕਹੀ ਜਾ ਸਕਣ ਵਾਲੀ ਚੁੱਪ ਨੂੰ ਸ਼ਬਦਾ ਦੇ ਨਾਦੀ ਅਨਾਦੀ ਰੰਗ ਰੂਪ ਹੀ ਪਰਵਾਜ਼ ਦੇ ਸਕਦੇ ਹਨ:


ਫਿਰ ਵੀ ਰਹਿ ਜਾਂਦਾ

ਬਹੁਤ ਕੁਝ

ਅਹਿਸਾਸਾਂ ਦੇ ਪਰਾਂ ਹੇਠ


ਤੇਰੇ ਰੰਗਾਂ ਦੀ ਲਿਪੀ

ਮੇਰੀ ਚੁੱਪ ਦੇ ਪੰਛੀਆਂ ਨੂੰ

ਪਰਵਾਜ਼ ਦਿੰਦੀ      (ਤੇਰੇ ਰੰਗਾਂ ਦੀ ਲਿੱਪੀ, ਪੰਨਾ 27)


ਸ਼ਬਦ ਕੇਵਲ ਅਰਥਾਂ ਦਾ ਉਤਪਾਦਨ ਹੀ ਨਹੀਂ ਕਰਦੇ, ਸ਼ਬਦ ਨੂੰ ਆਕਾਰ ਦੇਣ ਵਾਲੀ ਆਵਾਜ਼ ਦਾ ਸੰਪੂਰਨ ਇਤਿਹਾਸ ਇਸ ਵਿੱਚ ਗਾਇਨ ਕਰ ਰਿਹਾ ਹੁੰਦਾ ਹੈ :


ਆਵਾਜ਼ ਉਹ

ਮਾਸੂਮ ਤੋਤਲੀ

ਕਿਲਕਾਰੀਆ ਦਾ 

ਸਨਾਤਨੀ ਗਾਇਣ ਕਰਦੀ ਸ਼ਬਦਾਂ ਨੂੰ

ਗੋਲ ਮਟੋਲ ਆਕਾਰ ਦਿੰਦੀ


ਆਵਾਜ਼ 'ਚ 

ਧਰਤੀ ਸਫ਼ਰ ਕਰਦੀ 

ਅਸੀਮ ਅੰਬਰ ਸਿਰਜਦੀ


ਮੇਰੇ ਪੁਰਖਿਆਂ ਦੀਆਂ ਆਵਾਜ਼ਾ 

ਦਮ ਭਰਦੀਆਂ 

ਇਸ ਆਵਾਜ਼ ਦੀ

ਦੇਹ ਅੰਦਰ     (ਆਵਾਜ਼ਾ 5, ਪੰਨਾ 38)


ਮਾਸੂਮ ਤੋਤਲੀਆਂ ਕਿਲਕਰੀਆਂ ਤੋਂ ਲੈ ਕੇ ਪੁਰਖਿਆ ਦੀ ਸਿਆਣਪ ਤੱਕ ਸ਼ਬਦ ਦਾ ਸੰਪੂਰਨ ਇਤਿਹਾਸ ਜਦੋਂ ਲੈਅ, ਨ੍ਰਿਤ ਅਤੇ ਰੰਗ ਰੂਪ ਵਿਚ ਬੱਝ ਕੇ ਕਵਿਤਾ ਅੰਦਰ ਵਹਿ ਰਿਹਾ ਹੁੰਦਾ ਹੈ :


ਆਵਾਜ਼ ਅੰਦਰ

ਹੋਂਦ ਸਵੀਕਾਰਦਾ 

ਸ਼ਬਦ 

ਲੈਅਮਈ ਹੁੰਦਾ 

ਨ੍ਰਿਤ ਕਰਦਾ 

ਰੰਗਾਂ 'ਚ ਵਟਦਾ


ਅਨੰਤ ਧਰਤੀਆਂ 

ਅਨੰਤ ਅੰਬਰ

ਅਨੰਤ ਰੂਪਾਂ 'ਚ ਤੁਰਦਾ. ਉਡਦਾ


ਆਵਾਜ਼ ਅੰਦਰ ਹੀ 

ਮਿਟ ਜਾਂਦਾ

ਸਾਰਾ ਸ਼ਬਦ ਸੰਸਾਰ    (ਆਵਾਜ਼ਾਂ ਨੂੰ. ਪੰਨਾ 40)


ਤਾਂ ਸ਼ਬਦ ਕੇਵਲ ਵਪਾਰ ਹੀ ਨਹੀਂ ਕਰਦੇ ਜਾਂ ਬਾਜ਼ਾਰ ਹੀ ਨਹੀਂ ਸਜਾਉਂਦੇ, ਸਗੋਂ ਇਹਨਾਂ ਰਾਹੀਂ ਬੱਚਿਆਂ ਨੂੰ ਅਚੰਭਿਤ ਕਰਨ ਲਈ ਪਹਾੜ ਕੋਮਲ ਪੱਤੀਆਂ ਵਾਲੇ ਰੰਗ ਬਰੰਗੇ ਫੁੱਲ ਬਣ ਜਾਂਦੇ ਹਨ, ਨਦੀਆਂ ਆਪਣੇ ਸੁਪਨਿਆਂ ਦੇ ਪ੍ਰਗਟਾ ਲਈ ਘੜੀ ਪਲ ਵਾਸਤੇ ਪੱਥਰਾਂ ਕੋਲ ਰੁਕ ਕੇ ਦਿਲ ਦੀਆ ਗੱਲਾ ਕਰਦੀਆਂ ਹਨ ਅਤੇ ਰੁੱਖ ਉਹਨਾਂ ਥਾਵਾਂ ਦਾ ਭ੍ਰਮਣ ਕਰਨ ਲਗਦੇ ਹਨ, ਜਿੱਥੇ ਤੱਕ ਹਾਲੇ ਮਨੁੱਖ ਵੀ ਨਹੀਂ ਪਹੁੰਚਿਆ


ਕਦੇ ਕਦਾਈਂ

ਸੋਚਦੇ ਤਾਂ ਹੋਣਗੇ ਪਹਾੜ

ਬਣ ਜਾਣ ਉਹ

ਕੋਮਲ, ਨਿੱਕੀਆਂ ਪੱਤੀਆਂ ਵਾਲੇ

ਰੰਗ ਬਿਰੰਗੇ ਫੁੱਲ

ਜਿਹਨਾਂ ਨੂੰ ਦੇਖ

ਅਚੰਭਿਤ ਹੋਣ ਬੱਚੇ

ਕਈ ਅਰਪਤ ਕਰੇ

ਦੇਵੀ-ਦੇਵਤਿਆਂ ਦੀ ਮੂਰਤ ਅੱਗੇ


ਕਿੰਨੀਆਂ ਹੀ ਨਦੀਆਂ ਦੇ ਜਨਮਾਂ ਤੋਂ

ਲਗਦੈ ਪਤਾ

ਕੀ ਚਾਹੁੰਦੇ ਨੇ ਪਹਾੜ


ਸ਼ਾਂਤ, ਨਿਰੰਤਰ ਵਹਿੰਦੀਆਂ ਨਦੀਆਂ

ਚਾਹੁੰਦੀਆਂ ਹੋਣਗੀਆਂ ਜ਼ਰੂਰ

ਰੁਕਣ ਘੜੀ ਪਲ

ਕਿਸੇ ਪੱਥਰ ਕੋਲ

ਕਹਿਣ ਸੁਣਨ ਦਿਲ ਦੀ ਗੱਲ

ਬਹੁਤ ਵਾਰ ਰਹਿ ਜਾਣਾ ਲੋਚਦੀਆਂ ਹੋਣਗੀਆਂ

ਕਿਸੇ ਦੀਆਂ ਪਲਕਾਂ 'ਚ ਬੰਦ

ਕਈ ਵਾਰ ਡਰ ਜਾਂਦੀਆਂ ਹੋਣਗੀਆਂ

ਆਪਣੇ ਤਰ੍ਹਾਂ-ਤਰ੍ਹਾਂ ਦੇ ਆਕਾਰਾਂ ਤੋਂ

ਨਦੀਆਂ ਲੈਂਦੀਆਂ ਨੇ

ਕਿਹੋ ਜਿਹੇ ਸੁਪਨੇ

ਜਾਣਦੇ ਨੇ

ਫੁੱਲਾਂ ਫਲਾਂ ਨਾਲ ਲੱਦੇ ਹਰੇ ਭਰੇ ਬਿਰਖ਼-ਬੂਏ


ਜੀਅ ਜ਼ਰੂਰ ਕਰਦਾ ਹੋਵੇਗਾ 

ਰੁੱਖਾਂ ਦਾ

ਭ੍ਰਮਣ ਕਰਨ

ਦੇਖਣ ਦੁਨੀਆ ਰੰਗ ਰੰਗੀਲੀ

ਜਾਣ ਉਹਨਾਂ ਥਾਵਾਂ ਤੇ

ਜਿਥੇ ਨਹੀਂ ਪਹੁੰਚਿਆ ਅਜੇ ਆਦਮੀ

ਕੋਈ ਰਾਹੀ ਆਰਾਮ ਕਰ

ਤੁਰਦੈ ਜਦੋਂ ਆਪਣੇ ਸਫ਼ਰ 'ਤੇ

ਇਹ ਖੜ੍ਹੇ ਰਹਿ ਕੇ ਵੀ

ਤੁਰਦੇ ਰਹਿੰਦੇ ਹਰ ਸਫ਼ਰੀ ਨਾਲ


ਮੇਰੇ ਕੋਲ ਹੈ ਰੁੱਖਾਂ ਦੀ ਹਰਿਆਲੀ 

ਨਦੀਆਂ ਦਾ ਵਹਿਣ

ਪੱਥਰਾਂ ਵਿਚਲੀ ਅੱਗ


ਸ਼ਾਇਦ ਇਸੇ ਲਈ 

ਚੁੱਕੀ ਫਿਰਦੇ ਨੇ

ਮੇਰੇ ਮੋਢੇ

ਸਾਰੇ ਪਹਾੜ     (ਸ਼ਾਇਦ ਇਸੇ ਲਈ ਪੰਨਾ 41-42)


ਸੋ ਇਹ ਸ਼ਬਦ ਮਨੁੱਖ ਨੂੰ ਰੁੱਖਾਂ ਦੀ ਹਰਿਆਲੀ, ਨਦੀਆਂ ਦੇ ਵਹਿਣ ਅਤੇ ਪੱਥਰਾਂ ਵਿਚਲੀ ਅੱਗ ਹੀ ਮੁਹੱਈਆ ਨਹੀਂ ਕਰਦੇ। ਉਸ ਨੂੰ ਸਾਂਭਦੇ ਜਾਂ ਵਿਸਤਾਰਦੇ ਹੀ ਨਹੀਂ, ਸਗੋਂ ਕਵਿਤਾ ਵਿਚ ਸ਼ਾਮਲ ਹੋ ਕੇ ਆਪਣੀ ਹਉਮੈ (ਅਰਥਾਂ, ਸੰਕਲਪਾਂ, ਤਰਕਾਂ, ਚਿੰਤਨ, ਵਿਆਖਿਆਵਾਂ ਆਦਿ) ਦੀ ਬਲੀ ਵੀ ਦੇ ਦਿੰਦੇ ਹਨ।


ਸ਼ਬਦ ਮੇਰੀ ਦੇਹ

ਸ਼ਬਦ ਮੇਰੇ ਬਸਤਰ 

ਪਹਿਨਦਾ ਮੈਂ

ਕਦੇ ਕੋਈ, ਕਦੇ ਕੋਈ


ਨਿਕਲਦਾ 

ਸ਼ਬਦਾਂ ਦਾ ਵਪਾਰ ਕਰਨ 

ਸ਼ਬਦ ਵੇਚਦਾ, ਖਰੀਦਦਾ 

ਸਜਦੇ ਸਾਰੇ ਬਾਜ਼ਾਰ ਸ਼ਬਦਾਂ ਸਹਾਰੇ


ਮੇਰੇ ਪੈਰਾਂ ਨੂੰ ਮਿਲਦਾ ਰਾਹ 

ਸ਼ਬਦਾਂ ਦੁਆਰਾ 

ਮੇਰੇ ਪੈਰਾਂ ਨੂੰ ਚੱਕਰਾਂ 'ਚ ਪਾਉਂਦੇ ਸ਼ਬਦ


ਸ਼ਬਦ ਹੀ ਕਰਦੇ 

ਵਿਸਥਾਰ ਮੇਰਾ, 

ਸ਼ਬਦ ਹੀ ਸਾਂਭਦੇ ਮੈਨੂੰ 

ਇਕ ਬਿੰਦੂ ਅੰਦਰ


ਸ਼ਬਦ ਮਿਟਣ ਖ਼ਾਤਰ 

ਮੇਰੀਆਂ ਕਵਿਤਾਵਾਂ ਵਿੱਚ ਸ਼ਾਮਲ ਹੋ ਜਾਂਦੇ  (ਇਕ ਬਿੰਦੂ ਅੰਦਰ, ਪੰਨਾ 28)


ਸ਼ਬਦ ਅਰਥਾਂ, ਸੰਕਲਪਾਂ, ਤਰਕਾਂ, ਸਿਧਾਂਤਾਂ ਆਦਿ ਦੀ ਹਉਮੈ ਰਾਹੀਂ ਆਧੁਨਿਕਤਾਵਾਦ ਨੂੰ ਜਨਮ ਦਿੰਦੇ ਹਨ. ਪਰ ਗੁਰਪ੍ਰੀਤ ਦੀ ਕਵਿਤਾ ਵਿਚ ਸ਼ਬਦ ਆਪਦੀ ਹਉਮੈ ਦੀ ਬਲੀ ਦੇ ਕੇ ਕੇਵਲ ਆਧੁਨਿਕਤਾਵਾਦ ਨੂੰ ਵਿਸਥਾਪਿਤ ਹੀ ਨਹੀਂ ਕਰਦੇ, ਸਗੋਂ ਹਉਮੈ ਦੀ ਬਲੀ ਵਿਚੋਂ ਉਤਪਨ ਹੋਣ ਵਾਲੀ ਮੁਹੱਬਤ ਦੇ ਜਸ਼ਨ ਰਾਹੀਂ ਅਰਥਾਂ ਦੀ ਥਾਂ ਸੰਵੇਦਨਾ, ਤਰਕ ਦੀ ਥਾਂ ਸ਼ਿੱਦਤ, ਚਿੰਤਨ ਦੀ ਥਾਂ ਅਨੁਭਵ ਅਤੇ ਸਿਧਾਂਤ ਦੀ ਥਾਂ ਕਲਪਨਾ ਨੂੰ ਆਪਣੇ ਕਾਵਿ ਪ੍ਰਵਚਨ ਦਾ ਆਧਾਰ ਬਣਾ ਕੇ ਇਕ ਨਵੀਂ ਕਾਵਿ ਉਤਪਾਦਨ ਵਿਧੀ ਦਾ ਨਿਰਮਾਣ ਵੀ ਕਰਦੀ ਹੈ।


ਕਦੇ ਮੈਂ ਤੁਰਦਾ

ਕਵਿਤਾ ਅੰਦਰ 

ਕਦੇ ਕਵਿਤਾ ਤੁਰਦੀ 

ਮੇਰੇ ਅੰਦਰ


ਉਹ ਮੈਨੂੰ 

ਉਦਾਸ ਹੋਏ ਨੂੰ 

ਜਸ਼ਨ ਲਈ ਸੱਦਾ ਦਿੰਦੀ 

ਹੱਸਦਾ-ਹੱਸਦਾ 

ਮੈਂ ਧੁਰ ਅੰਦਰ ਤੀਕ 

ਲਹਿ ਜਾਂਦਾ ਉਹਦੇ


ਉਹ ਮੈਨੂੰ 

ਭੀੜ 'ਚ ਗੁਆਚੇ ਹੋਏ ਨੂੰ 

ਲੱਭ ਲੈਂਦੀ ਕਿਤੋਂ ਵੀ 

ਚੁੱਪ-ਵਾਦੀਆਂ 'ਚ ਲੈ ਜਾਂਦੀ 

ਮੈਨੂੰ ਫੁੱਲ ਆਖਦੀ 

ਆਪ ਮਹਿਕ ਹੋ ਜਾਂਦੀ


ਉਹ ਮੇਰੇ ਲਈ 

ਛੱਡ ਜਾਂਦੀ ਕਿੰਨਾ ਕੁੱਝ 

ਅਣਕਿਹਾ


ਮੈਂ ਉਹਦੇ ਹੋਠਾਂ ਤੋਂ ਕਿਰਦੇ 

ਇਕ-ਇਕ ਸ਼ਬਦ ਦੇ ਅਰਥ 

ਆਪਣੇ ਹਿਰਦੇ ਦੇ ਕੋਸ਼ 'ਚੋਂ ਪੜ੍ਹਦਾ 

ਸਾਰੇ ਪਾਸਾਰ 'ਚ ਫੈਲ ਜਾਂਦਾ 

ਉਹ ਧੜਕਦੀ ਕਣ-ਕਣ ਅੰਦਰ      (ਜਸ਼ਨ ਲਈ ਸੱਦਾ, ਪੰਨਾ 15)


ਗੁਰਪ੍ਰੀਤ ਉਤਪਾਦਨ ਅਤੇ ਖਪਤ ਦੇ ਮੋਢਿਆਂ ਉਪਰ ਸਵਾਰ ਹੋ ਕੇ ਆਧੁਨਿਕਤਾਵਾਦੀ ਵਿਕਾਸ ਦੀ ਦੌੜ ਵਿਚ ਨਹੀਂ ਪੈਂਦਾ ਉਹ ਤਾਂ ਕੁਦਰਤ ਦੀ ਸੁਬਕ ਜੇਹੀ ਛੂਹ ਦਾ ਕਾਇਲ ਹੈ :


ਮੈਂ ਪਹਾੜਾਂ ਤੇ ਜਾਂਦਾ 

ਹਰਿਆਲੀਆਂ ਪਗਡੰਡੀਆ ਬਣਦੇ 

ਅੰਬਰ ਦੇ ਨੇੜੇ ਨੇੜੇ ਲੈ ਜਾਂਦੇ


ਮੇਰੀ ਪਿਆਸ ਲਈ ਝਰਨੇ ਵਹਿੰਦੇ 

ਮੇਰੀ ਜੀਰਾਂਦ ਲਈ

ਉੱਚੇ ਲੰਮੇ ਬਿਰਖ ਗਾਉਂਦੇ

ਚਾਰੋਂ ਤਰਫ਼

ਖੂਬਸੂਰਤ ਨਜ਼ਾਰੇ ਹੁੰਦੇ


ਹੌਲਾ ਫੁੱਲ ਹੁੰਦਾ ਮੈਂ

ਮੇਰੇ ਮੋਢੇ 'ਤੇ ਹੁੰਦਾ

ਸੁਬਕ ਜਿਹਾ ਹੱਥ

ਕੁਦਰਤ ਤੇਰਾ  (ਪੰਨਾ 52)


ਸ਼ਾਇਦ ਇਸੇ ਲਈ ਉਹ ਸ਼ਬਦਾਂ ਤੋਂ ਸਿਖਣ ਸਿਖਾਉਣ ਦੀ ਥਾਂ ਉਹਨਾਂ ਦੀ ਮਹਿਕ ਅਤੇ ਸ਼ੀਤਲਤਾ ਦਾ ਅਨੰਦ ਮਾਣਦਾ ਹੈ :


ਤੂੰ ਮੇਰੇ

ਨਾਲ ਨਾਲ

ਪਲ ਪਲ ਛਿਣ ਛਿਣ

ਜਿਉਂ ਫੁੱਲਾਂ ਨੂੰ

ਜਿਉਂਦਾ ਰੱਖਦੀ ਮਹਿਕ

ਜਿਉਂ ਪਾਣੀ ਦੀ ਸ਼ੀਤਲਤਾ

ਜਿਉਂ ਜੜ੍ਹਾਂ ਨੂੰ

ਸਾਂਭਦੀ ਮਿੱਟੀ


ਤੇਰੇ ਹੋਣ ਕਰਕੇ

ਛੱਡ ਛਡਾ ਦਿੰਦਾ ਮੈਂ

ਸਭ ਕੁਝ

ਸਮਝਣਾ ਸਮਝਾਉਣਾ   (ਜੜ੍ਹਾਂ ਨੂੰ ਸਾਂਭਦੀ ਮਿੱਟੀ, ਪੰਨਾ 20)


ਤੇ ਸ਼ਬਦ ਵਿਚ ਮੁਹੱਬਤ ਦੇ ਸੱਤੇ ਰੰਗ ਭਰ ਦਿੰਦਾ ਹੈ।


ਤੇਰੇ 'ਚ

ਸਮਾਏ ਹੋਏ

ਕਾਇਨਾਤ ਦੇ ਸੱਤੇ ਰੰਗ

ਧਰਤ 'ਤੇ ਵਿਛਦੇ

ਹਵਾ 'ਚ ਰੁਮਕਦੇ

ਅੰਬਰੀਂ ਉਡਦੇ

ਨਦੀਏ ਵਹਿੰਦੇ


ਤੇਰੇ ਕਰਕੇ ਹੀ

ਦਿਨ ਰਾਤ

 ਆਪਣੇ ਕੱਪੜੇ ਬਦਲਦੇ


ਅਨੇਕਾਂ ਤਸਵੀਰਾਂ ਨੂੰ ਸਾਂਭਦੇ

ਇਹ ਸੱਤੇ ਰੰਗ

ਤੇਰੇ 'ਚ ਮਿਟ ਜਾਂਦੇ

ਤੇਰੇ 'ਚੋਂ ਉਦੈ ਹੁੰਦੇ     (ਕਾਇਨਾਤ ਦੇ ਸੱਤੇ ਰੰਗ, ਪੰਨਾ 21)


ਸੋ ਗੁਰਪ੍ਰੀਤ ਦੀ ਕਵਿਤਾ ਸ਼ਬਦ ਨੂੰ ਹਉਮੈ ਤੋਂ ਮੁਕਤ ਕਰਵਾ ਕੇ ਮੁਹੱਬਤ ਨਾਲ ਭਰਨ ਦੀ ਤਕਨੀਕ ਹੀ ਨਹੀਂ, ਸਗੋਂ ਆਧੁਨਿਕਤਾਵਾਦ ਦੇ ਜਾਬਰ ਅਤੇ ਬਸਤੀਵਾਦੀ ਪ੍ਰਵਚਨਾ/ਸਿਧਾਂਤਾਂ/ਬਿਰਤਾਂਤਾ/ਸੰਸਥਾਵਾਂ ਵਿਰੁੱਧ ਮੁਹੱਬਤ ਦੀ ਰਾਜਨੀਤੀ ਨਾਲ ਲੜਨ ਦੀ ਉਤਰ-ਆਧੁਨਿਕ ਜੁਗਤ ਵੀ ਹੈ. ਸੋ ਇਹ ਕਹਿਣਾ ਉਚਿਤ ਹੋਵੇਗਾ ਕਿ ਗੁਰਪ੍ਰੀਤ ਨੇ 'ਸ਼ਬਦਾਂ ਦੀ ਮਰਜ਼ੀ' ਪੁਸਤਕ ਰਾਹੀਂ ਵਹਿੰਦੇ ਪਾਣੀ ਵਿਚ ਕਾਗਜ਼ ਦੀ ਕਿਸ਼ਤੀ ਨਹੀਂ ਛੱਡੀ, ਮੁਹੱਬਤ ਦੀ ਰਾਜਨੀਤੀ ਰਾਹੀਂ ਆਧੁਨਿਕਤਾਵਾਦ ਵਿਰੁੱਧ ਲੜਨ ਲਈ ਇਕ ਨਵੇਂ ਕਾਵਿ ਸ਼ਾਸਤਰ ਦਾ ਨਿਰਮਾਣ ਕੀਤਾ ਹੈ:


ਅੰਬਰ ਤੇ 

ਉਡ ਰਹੇ ਨੇ ਪੰਛੀ

ਹਰ ਸੀਮਾ ਤੋਂ ਪਾਰ

ਬਾਰੀ ਰਾਹੀਂ

ਭਰ ਗਿਆ ਮੇਰਾ ਕਮਰਾ

ਤਰ੍ਹਾਂ ਤਰ੍ਹਾਂ ਦੇ

ਆਕਾਰ ਬਦਲਦੇ ਬੱਦਲਾਂ ਨਾਲ


ਹੁਣੇ ਹੁਣੇ

ਬਾਰਿਸ਼ ਹੋਵੇਗੀ

ਵਹਿੰਦੇ ਪਾਣੀ 'ਚ

ਇਕ ਕਾਗਜ਼ ਦੀ ਕਿਸ਼ਤੀ

ਮੇਰੀ ਵੀ ਹੋਵੇਗੀ     (ਇਕ ਕਾਗਜ਼ ਦੀ ਕਿਸ਼ਤੀ, ਪੰਨਾ 64)


  • ਅਮਰਜੀਤ ਸਿੰਘ ਗਰੇਵਾਲ 

















Comments